ਜਗਜੀਤ ਸਿੰਘ
ਮੁਕੇਰੀਆਂ, 3 ਸਤੰਬਰ
ਬੀਤੇ ਦਿਨ ਕੰਟਰੋਲ ਰੇਖਾ ’ਤੇ ਜੰਮੂ ਕਸ਼ਮੀਰ ਦੇ ਰਾਜੌਰੀ ’ਚ ਪਾਕਿ ਵਲੋਂ ਗੋਲੀਬੰਦੀ ਦੀ ਉਲੰਘਣਾ ਕਰਕੇ ਕੀਤੀ ਫਾਇਰਿੰਗ ਵਿੱਚ ਸ਼ਹੀਦ ਹੋਏ ਮੁਕੇਰੀਆਂ ਦੇ ਪਿੰਡ ਕਲੀਚਪੁਰ ਕਲੋਤਾ ਦੇ ਜੇਸੀਓ ਸੂਬੇਦਾਰ ਰਜੇਸ਼ ਕੁਮਾਰ ਦੀ ਮ੍ਰਿਤਕ ਦੇਹ ਅੱਜ ਪਿੰਡ ਪੁੱਜੀ। ਸ਼ਹੀਦ ਦਾ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸਰਕਾਰੀ ਤੇ ਸੈਨਿਕ ਸਨਮਾਨਾਂ ਨਾਲ ਕੀਤਾ ਗਿਆ। ਸ਼ਹੀਦ ਦੇ 11 ਸਾਲਾ ਪੁੱਤਰ ਨੇ ਚਿਖਾ ਨੂੰ ਅਗਨੀ ਭੇਟ ਕੀਤੀ।
ਸ਼ਹੀਦ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਤਿਰੰਗੇ ’ਚ ਲਿਪਟੇ ਤਾਬੂਤ ਵਿੱਚ ਲਿਆਂਦੀ ਗਈ ਸੀ। ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪਿੰਡ ਦੇ ਸਕੂਲ ਦਾ ਨਾਮ ਸ਼ਹੀਦ ਦੇ ਨਾਮ ’ਤੇ ਰੱਖਿਆ ਜਾਵੇ ਤੇ ਸੜਕ ’ਤੇ ਯਾਦਗਾਰੀ ਗੇਟ ਸਥਾਪਿਤ ਕੀਤਾ ਜਾਵੇ। ਹਲਕਾ ਵਿਧਾਇਕਾ ਬੀਬੀ ਇੰਦੂ ਬਾਲਾ ਕੌਂਡਲ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ, ਐਸਐਸਪੀ ਨਵਜੋਤ ਮਾਹਲ ਤੇ ਹੋਰਨਾ ਲੋਕਾਂ ਨੇ ਸ਼ਹੀਦ ਨੂੰ ਸ਼ਰਧਾਂਲੀਆਂ ਭੇਟ ਕੀਤੀਆਂ।