ਜਗਜੀਤ ਸਿੰਘ
ਮੁਕੇਰੀਆਂ, 3 ਸਤੰਬਰ
ਜੰਮੂ ਕਸ਼ਮੀਰ ਦੇ ਰਾਜੌਰੀ ਨੇੜਲੀ ਕੰਟਰੋਲ ਰੇਖਾ ’ਤੇ ਪਾਕਿਸਤਾਨ ਵਲੋਂ ਗੋਲੀਬਾਰੀ ਦੀ ਉਲੰਘਣਾ ਕਰਕੇ ਕੀਤੀ ਫਾਇਰਿੰਗ ਵਿੱਚ ਸ਼ਹੀਦ ਹੋਏ ਮੁਕੇਰੀਆਂ ਦੇ ਪਿੰਡ ਕਲੀਚਪੁਰ ਕਲੋਤਾ ਦੇ ਜੇਸੀਓ ਸੂਬੇਦਾਰ ਰਾਜੇਸ਼ ਕੁਮਾਰ ਦੀ ਮ੍ਰਿਤਕ ਦੇਹ ਅੱਜ ਪਿੰਡ ਪੁੱਜੀ ਜਿਸ ਦਾ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਚ ਸਰਕਾਰੀ ਤੇ ਫੌਜੀ ਸਨਮਾਨਾਂ ਨਾਲ ਕੀਤਾ ਗਿਆ। ਸ਼ਹੀਦ ਦੇ 11 ਸਾਲਾ ਪੁੱਤਰ ਵਲੋਂ ਸ਼ਹੀਦ ਦੀ ਚਿਤਾ ਨੂੰ ਅਗਨੀ ਦਿਖਾਈ ਗਈ। ਸ਼ਹੀਦ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਤਿਰੰਗਾ ਲਿਪਟੇ ਤਾਬੂਤ ਵਿੱਚ ਲਿਆਂਦੀ ਗਈ। ਸ਼ਹੀਦ ਦੇ ਸਸਕਾਰ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪਿੰਡ ਦੇ ਸਕੂਲ ਦਾ ਨਾਂ ਸ਼ਹੀਦ ਦੇ ਨਾਮ ’ਤੇ ਰੱਖਿਆ ਜਾਵੇ ਤੇ ਸੜਕ ’ਤੇ ਯਾਦਗਾਰੀ ਗੇਟ ਸਥਾਪਿਤ ਕੀਤਾ ਜਾਵੇ। ਸ਼ਹੀਦ ਦੀ ਧੀ ਵਲੋਂ ਪਰਿਵਾਰ ਦੀ ਆਰਥਿਕ ਮਦਦ ਲਈ ਗੈਸ ਏਜੰਸੀ ਜਾਂ ਪੈਟਰੋਲ ਪੰਪ ਦੇਣ ਦੀ ਮੰਗ ਵੀ ਕੀਤੀ ਗਈ। ਦੱਸਣਯੋਗ ਹੈ ਕਿ ਪਿੰਡ ਕਲੀਚਪੁਰ ਕਲੋਤਾ ਦਾ ਭਾਰਤੀ ਫੌਜ ਦੀ 60 ਆਰਟੀ ਬਟਾਲੀਅਨ ਦਾ 41 ਸਾਲਾ ਸੂਬੇਦਾਰ ਰਾਜੇਸ਼ ਕੁਮਾਰ ਬੀਤੇ ਦਿਨ ਸਵੇਰੇ ਪਾਕਿਸਤਾਨੀ ਫ਼ੌਜ ਦੀ ਗੋਲ਼ਾਬਾਰੀ ’ਚ ਸ਼ਹੀਦ ਹੋ ਗਿਆ ਸੀ। ਅੱਜ ਦੁਪਹਿਰੇ ਸ਼ਹੀਦ ਦੀ ਮ੍ਰਿਤਕ ਦੇਹ ਜੰਮੂ ਤੋਂ ਪਿੰਡ ਲਿਆਂਦੀ ਗਈ। ਇਸ ਮੌਕੇ ਇਲਾਕਾ ਵਾਸੀ ਤੇ ਨੌਜਵਾਨ ਰਾਜੇਸ਼ ਕੁਮਾਰ ਦੀਆਂ ਫੋਟੋਆਂ ਹੱਥਾਂ ਵਿੱਚ ਲਈ ਭਾਰਤੀ ਫੌਜ ਪੱਖੀ ਤੇ ਪਾਕਿਸਤਾਨ ਵਿਰੋਧੀ ਨਾਅਰੇ ਲਗਾਉਂਦੇ ਹੋਏ ਘਰ ਪੁੱਜੇ। ਪਰਿਵਾਰਕ ਰਸਮਾਂ ਪੂਰੀਆਂ ਕਰਨ ਉਪਰੰਤ ਸ਼ਹੀਦ ਦੀ ਮ੍ਰਿਤਕ ਦੇਹ ਸ਼ਮਸ਼ਾਨਘਾਟ ਲਿਆਂਦੀ ਗਈ।
ਇਸ ਮੌਕੇ ਹਲਕਾ ਵਿਧਾਇਕਾ ਬੀਬੀ ਇੰਦੂ ਬਾਲਾ ਕੌਂਡਲ, ਡੀਸੀ ਹੁਸ਼ਿਆਰਪੁਰ ਅਪਨੀਤ ਰਿਆਤ, ਐਸਐਸਪੀ ਨਵਜੋਤ ਮਾਹਲ, ਉੱਚੀ ਬੱਸੀ ਆਰਡੀਨੈਂਸ ਦੇ ਕੈਪਟਨ ਗੁੰਜਨ ਠਾਕੁਰ, ਐਸਡੀਐਮ ਅਸ਼ੋਕ ਕੁਮਾਰ ਤੇ ਮੋਹਤਬਰਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸ਼ਹੀਦ ਨੂੰ ਸਲਾਮੀ ਗੋਰਖਾ ਰਜਮੈਂਟ ਦੇ ਨਾਇਬ ਸੂਬੇਦਾਰ ਰਮੇਸ਼ ਥਾਪਾ ਦੀ ਅਗਵਾਈ ਵਾਲੀ ਟੁਕੜੀ ਵਲੋਂ ਦਿੱਤੀ ਗਈ।