ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 28 ਨਵੰਬਰ
ਜੰਮੂ ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਸੁੰਦਰਬਨੀ ਸੈਕਟਰ ਵਿੱਚ ਪਾਕਿਸਤਾਨੀ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਰਾਈਫਲ ਮੈਨ ਸ਼ਹੀਦ ਸੁਖਬੀਰ ਸਿੰਘ ਦੀ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਖਵਾਸਪੁਰ (ਤਰਨਤਾਰਨ) ਪਹੁੰਚੀ। ਜਿਵੇਂ ਹੀ ਸ਼ਹੀਦ ਸੁਖਬੀਰ ਸਿੰਘ ਦੀ ਤਿਰੰਗੇ ਝੰਡੇ ਵਿੱਚ ਲਿਪਟੀ ਮ੍ਰਿਤਕ ਦੇਹ ਸ਼ਹੀਦ ਦੇ ਘਰ ਪੁੱਜੀ ਤਾਂ ਮਾਹੌਲ ਗਮਗੀਨ ਹੋ ਗਿਆ।
ਸ਼ਹੀਦ ਦੇ ਪਿਤਾ ਕੁਲਵੰਤ ਸਿੰਘ ਅਤੇ ਮਾਤਾ ਜਸਬੀਰ ਕੌਰ ਦੀਆਂ ਭੁੱਬਾਂ ਸੁਣ ਕੇ ਸ਼ਹੀਦ ਨੂੰ ਅੰਤਿਮ ਵਿਦਾਇਗੀ ਦੇਣ ਪੁੱਜੇ ਲੋਕਾਂ ਦੀਆਂ ਅੱਖਾਂ ਦੇ ਹੰਝੂ ਵੀ ਨਾ ਰੁਕ ਸਕੇ। ਸ਼ਹੀਦ ਸੁਖਬੀਰ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿੱਚ ਕੀਤਾ ਗਿਆ। ਪਿਤਾ ਕੁਲਵੰਤ ਸਿੰਘ ਵੱਲੋਂ ਸ਼ਹੀਦ ਦੀ ਚਿਖਾ ਨੂੰ ਅਗਨੀ ਦਿਖਾਈ ਗਈ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਨੇ ਨਮ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਇਗੀ ਦਿੱਤੀ।
ਸਸਕਾਰ ਮੌਕੇ ਫ਼ੌਜੀ ਜਵਾਨਾਂ ਵੱਲੋਂ ਸ਼ਹੀਦ ਨੂੰ ਸਰਕਾਰੀ ਸਨਮਾਨਾਂ ਨਾਲ ਸਲਾਮੀ ਨਾ ਦੇਣ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਦੇਖਣ ਨੂੰ ਮਿਲਿਆ। ਪਿੰਡ ਵਾਸੀਆਂ ਨੇ ਕਿਹਾ ਕਿ ਸ਼ਹੀਦ ਨੂੰ ਅੰਤਿਮ ਵੇਲੇ ਸਲਾਮੀ ਨਾ ਦੇਣਾ ਸ਼ਹੀਦ ਦਾ ਅਪਮਾਨ ਹੈ। ਇਸ ਸਬੰਧੀ ਡੀਐੱਸਪੀ ਜਸਪ੍ਰੀਤ ਸਿੰਘ ਨੇ ਫ਼ੌਜੀ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਸ਼ਹੀਦ ਸੁਖਬੀਰ ਸਿੰਘ ਨੂੰ ਫ਼ੌਜ ਦੀ ਬਟਾਲੀਅਨ ਵੱਲੋਂ ਰਾਜੌਰੀ ਵਿੱਚ ਸਲਾਮੀ ਦਿੱਤੀ ਜਾ ਚੁੱਕੀ ਹੈ।
ਦੁੱਖ ਸਾਂਝਾ ਕਰਨ ਨਾ ਪੁੱਜਿਆ ਸਿਆਸੀ ਧਿਰ ਦਾ ਕੋਈ ਵੀ ਨੁਮਾਇੰਦਾ
ਸ਼ਹੀਦ ਸੁਖਬੀਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸੱਤਾਧਾਰੀ ਪਾਰਟੀ ਨਾਲ ਸਬੰਧਤ ਕੋਈ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਮੌਕੇ ’ਤੇ ਨਹੀਂ ਪੁੱਜਾ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਖੁਦ ਫ਼ੌਜੀ ਅਫ਼ਸਰ ਰਹਿ ਚੁੱਕਾ ਹੈ ਪਰ ਕਾਂਗਰਸ ਸਰਕਾਰ ਦਾ ਕੋਈ ਨੁਮਾਇੰਦਾ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜਾਂ ਅੰਤਿਮ ਸੰਸਕਾਰ ਮੌਕੇ ਨਹੀਂ ਪੁੱਜਾ।