ਹਰਪਾਲ ਸਿੰਘ ਨਾਗਰਾ
ਫਤਿਹਗੜ੍ਹ ਚੂੜੀਆਂ, 25 ਫਰਵਰੀ
ਪੰਜਾਬ ਦੇ ਲੋਕ ਪੱਖੀ ਗਾਇਕ ਅਤੇ ਇਪਟਾ ਲਹਿਰ ਦੇ ਬਾਨੀ ਅਮਰਜੀਤ ਗੁਰਦਾਸਪੁਰੀ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਉਦੋਵਾਲੀ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਹਾਜ਼ਰ ਇਪਟਾ ਦੇ ਆਗੂਆਂ ਤੇ ਲੇਖਕਾਂ ਨੇ ਅਮਰਜੀਤ ਗੁਰਦਾਸਪੁਰੀ ਨੂੰ ਅੰਤਿਮ ਵਿਦਾਈ ਦਿੰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ।
ਅਮਰਜੀਤ ਗੁਰਦਾਸਪੁਰੀ ਦੇ ਪੋਤੇ ਮਨਤੇਜ ਪ੍ਰਤਾਪ ਸਿੰਘ ਨੇ ਚਿਤਾ ਨੂੰ ਅਗਨੀ ਵਿਖਾਈ। ਇਸ ਮੌਕੇ ਇਪਟਾ ਤੇ ਲੇਖਕ ਜਥੇਬੰਦੀਆਂ ਦੇ ਹਾਜ਼ਰ ਆਗੂਆਂ ਇੰਦਰਜੀਤ ਸਿੰਘ ਰੂਪੋਵਾਲੀ, ਗੁਰਮੀਤ ਸਿੰਘ ਬਾਜਵਾ, ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਮੱਖਣ ਸਿੰਘ ਕੁਹਾੜ, ਪੰਜਾਬੀ ਆਲਮੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਰਾਜਪਾਲ ਸਿੰਘ ਬਾਠ, ਹਰਪਾਲ ਸਿੰਘ ਤੇ ਰੋਜੀ ਸਿੰਘ ਨੇ ਕਿਹਾ ਕਿ ਅਮਰਜੀਤ ਗੁਰਦਾਸਪੁਰੀ ਨੇ ਲੋਕ-ਪੱਖੀ ਗਾਇਕੀ ਨਾਲ ਪੰਜਾਬ ਦੇ ਸੱਭਿਆਚਾਰਕ ਮੁਹਾਜ਼ ਉੱਤੇ ਆਪਣੀ ਵੱਖਰੀ ਪਛਾਣ ਬਣਾਈ। ਉਹ ਪੰਜਾਬ ਦੀ ਇਪਟਾ ਲਹਿਰ ਦੇ ਮੋਢੀ ਗਾਇਕਾਂ ਵਿੱਚੋਂ ਸਿਖਰਲੀ ਹਸਤੀ ਸਨ। ਉਨ੍ਹਾਂ ਪੰਜਾਬ ਦੀ ਕੋਇਲ ਵਜੋਂ ਜਾਣੀ ਜਾਂਦੀ ਸੁਰਿੰਦਰ ਕੌਰ ਅਤੇ ਹੋਰ ਨਾਮਵਾਰ ਕਲਾਕਾਰਾਂ ਨਾਲ ਇਪਟਾ ਦੇ ਮੰਚਾਂ ਉੱਤੇ ਆਪਣੀ ਭਰਵੀਂ ਹਾਜ਼ਰੀ ਦਰਜ ਕਰਵਾਈ। ਉਨ੍ਹਾਂ ਸੰਸਾਰ ਅਮਨ ਲਹਿਰ, ਕਿਰਤੀ ਕਿਸਾਨਾਂ ਦੇ ਸੰਘਰਸ਼ਾਂ, ਪ੍ਰੀਤ ਨਗਰ ਦੇ ਸੱਭਿਆਚਾਰਕ ਸਮਾਗਮਾਂ ਤੋਂ ਲੈ ਕੇ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਵਿੱਚ ਹੋਈਆਂ ਇਪਟਾ ਦੀਆਂ ਕਾਨਫ਼ਰੰਸਾਂ ਵਿੱਚ ਆਪਣੀ ਆਵਾਜ਼ ਦੇ ਜਾਦੂ ਨੂੰ ਮਨਵਾਇਆ।
ਇਸ ਮੌਕੇ ਬਲਦੇਵ ਸਿੰਘ ਰੰਧਾਵਾ, ਬਾਬਾ ਹਰਭਜਨ ਬਾਜਵਾ, ਦੇਵਿੰਦਰ ਦੀਦਾਰ, ਸਤਵੰਤ ਸਿੰਘ ਉਦੋਵਾਲੀ, ਕਾਮਰੇਡ ਗੁਲਜ਼ਾਰ ਸਿੰਘ ਬਸੰਤਕੋਟ, ਗੁਰਮੀਤ ਸਿੰਘ ਪਾਹੜਾ, ਸੂਬਾ ਸਿੰਘ, ਕਾਮਰੇਡ ਮਾਨ ਸਿੰਘ, ਗੋਲਡੀ ਫੁੱਲ ਤੇ ਸੁਖਦੇਵ ਸਿੰਘ ਹਾਜ਼ਰ ਸਨ।