ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 27 ਨਵੰਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਰਜ ਕੇਸ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਅਮਰਗੜ੍ਹ ਹਲਕੇ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਅੱਜ ਚਾਰ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਦੁਬਾਰਾ ਮੁਹਾਲੀ ਦੇ ਡਿਊਟੀ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਈਡੀ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ‘ਆਪ’ ਵਿਧਾਇਕ ਗੱਜਣਮਾਜਰਾ ਤੋਂ ਹੋਰ ਪੁੱਛ-ਪੜਤਾਲ ਕੀਤੀ ਜਾਣੀ ਹੈ। ਅਦਾਲਤ ਨੇ ਗੱਜਣਮਾਜਰਾ ਨੂੰ ਮੁੜ 30 ਨਵੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਵਿਧਾਇਕ ਗੱਜਣਮਾਜਰਾ ਨੂੰ ਈਡੀ ਦੀ ਟੀਮ ਨੇ ਬੈਂਕ ਧੋਖਾਧੜੀ ਨਾਲ ਸਬੰਧਤ ਮਾਮਲੇ ਵਿੱਚ ਬੀਤੀ 6 ਨਵੰਬਰ ਨੂੰ ਹਿਰਾਸਤ ਵਿੱਚ ਲਿਆ ਸੀ। ਉੱਧਰ ‘ਆਪ’ ਵਿਧਾਇਕ ਨੂੰ ਜਦੋਂ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਮੁਹਾਲੀ ਪੁਲੀਸ ਨੇ ਕਿਸੇ ਵੀ ਮੀਡੀਆ ਕਰਮੀ ਨੂੰ ਅਦਾਲਤ ਕੰਪਲੈਕਸ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ।