ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਅਕਤੂਬਰ
ਭਾਮੀਆਂ ਕਲਾਂ ਸਥਿਤ ਹੁੰਦਲ ਚੌਕ ’ਚ ਸ਼ਰ੍ਹੇਆਮ ਪਾਰਸ ਖੱਤਰੀ ਦਾ ਕਤਲ ਕਰਨ ਵਾਲੇ ਗੈਂਗਸਟਰ ਅਜੈ ਪੰਡਿਤ ਦੇ ਇੱਕ ਸਾਥੀ ਨੂੰ ਥਾਣਾ ਜਮਾਲਪੁਰ ਦੀ ਪੁਲੀਸ ਨੇ ਕਾਬੂ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਦੀ ਪਛਾਣ ਟਿੱਬਾ ਰੋਡ ਦੀ ਸ਼ਿਵ ਸਕਤੀ ਕਲੋਨੀ ਦੇ ਵਾਸੀ ਸਾਗਰ ਵਜੋਂ ਕੀਤੀ ਹੈ। ਪੁਲੀਸ ਨੇ ਮੁਲਜ਼ਮ ਸਾਗਰ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸਾਗਰ ਨੂੰ ਥਾਣਾ ਜਮਾਲਪੁਰ ਪੁਲੀਸ ਨੇ ਅਦਾਲਤ ’ਚ ਪੇਸ਼ ਕਰ ਤਿੰਨ ਦਿਨਾਂ ਰਿਮਾਂਡ ਹਾਸਲ ਕਰ ਲਿਆ ਹੈ। ਪੁਲੀਸ ਮੁਲਜ਼ਮ ਸਾਗਰ ਤੋਂ ਪੁੱਛ ਪੜਤਾਲ ਕਰਕੇ ਫ਼ਰਾਰ ਚੱਲ ਰਹੇ ਬਾਕੀ ਮੁਲਜ਼ਮਾਂ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ।
ਥਾਣਾ ਜਮਾਲਪੁਰ ਦੀ ਪੁਲੀਸ ਨੇ ਅਰਜੁਨ ਦੇਵ ਨਗਰ ਇਲਾਕੇ ਦੇ ਰਹਿਣ ਵਾਲੇ ਗੈਂਗਸਟਰ ਅਜੈ ਪੰਡਿਤ ਤੇ ਉਸ ਦੇ ਭਰਾ ਰਾਜਨ ਪੰਡਿਤ ਦੇ ਘਰ ਛਾਪਾ ਵੀ ਮਾਰਿਆ। ਘਰ ਪਰਿਵਾਰਕ ਮੈਂਬਰ ਮੌਜੂਦ ਸਨ, ਪਰ ਮੁਲਜ਼ਮਾਂ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲੀਸ ਨੇ ਪਰਿਵਾਰਕ ਮੈਂਬਰਾਂ ਤੋਂ ਦੋਹਾਂ ਮੁਲਜ਼ਮਾਂ ਬਾਰੇ ਪੁੱਛ ਪੜਤਾਲ ਕੀਤੀ, ਪਰ ਉਨ੍ਹਾਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਜਿਸ ਤੋਂ ਬਾਅਦ ਪੁਲੀਸ ਉਥੋਂ ਪਰਤ ਆਈ।
ਥਾਣਾ ਜਮਾਲਪੁਰ ’ਚ ਤਾਇਨਾਤ ਏਐੱਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਾਗਰ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਅਜੈ ਪੰਡਿਤ ਦਾ ਨਜ਼ਦੀਕੀ ਸਾਥੀ ਹੈ। ਪੁਲੀਸ ਨੇ ਬਾਕੀ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਪੁਲੀਸ ਨੇ ਮੁਲਜ਼ਮ ਅਜੈ ਪੰਡਿਤ ਦਾ ਪਤਾ ਲਾਉਣ ਲਈ ਉਸ ਦੇ ਨਜ਼ਦੀਕੀ ਸਾਥੀਆਂ ਅਤੇ ਰਿਸ਼ਤੇਦਾਰਾਂ ਦੇ ਘਰਾਂ ’ਤੇ ਵੀ ਛਾਪੇ ਮਾਰੇ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਫ਼ਰਾਰ ਚੱਲ ਰਹੇ ਮੁਲਜ਼ਮਾਂ ਦਾ ਵੀ ਪਤਾ ਲਾ ਲਿਆ ਜਾਵੇਗਾ।