ਪੱਤਰ ਪ੍ਰੇਰਕ
ਮੁਹਾਲੀ/ਖਰੜ, 28 ਅਕਤੂਬਰ
ਜ਼ਿਲ੍ਹਾ ਪੁਲੀਸ ਮੁਹਾਲੀ ਨੇ ਅੱਜ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਅਤੇ ਜਸਪਾਲ ਸਿੰਘ ਉਰਫ਼ ਜੱਸੀ ਗਰੁੱਪ ਦੇ ਸਰਗਰਮ ਮੈਂਬਰ ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਪਿੰਡ ਬਿੰਜੋ (ਹੁਸ਼ਿਆਰਪੁਰ) ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਚਿੱਟੇ ਰੰਗ ਦੀ ਹਾਂਡਾ ਸਿਟੀ ਕਾਰ ਅਤੇ ਪੰਜ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਐੱਸਪੀ (ਡੀ) ਅਮਨਦੀਪ ਸਿੰਘ ਬਰਾੜ ਅਤੇ ਡੀਐੱਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਅੱਜ ਖਰੜ-ਲਾਂਡਰਾਂ ਸੜਕ ’ਤੇ ਸਥਿਤ ਭੁਰੂ ਚੌਕ ਨੇੜਿਓਂ ਪਰਮਜੀਤ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਥਾਣਾ ਸਿਟੀ ਖਰੜ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਸ ਕੋਲੋਂ .32 ਬੋਰ ਅਤੇ .30 ਬੋਰ ਦੇ ਪੰਜ ਦੇਸੀ ਪਿਸਤੌਲ, .32 ਬੋਰ ਦੇ 15 ਕਾਰਤੂਸ ਅਤੇ ਹਾਂਡਾ ਸਿਟੀ ਕਾਰ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ 18 ਅਪਰਾਧਿਕ ਕੇਸ ਦਰਜ ਹਨ। ਉਹ ਸਾਲ 2014 ਤੋਂ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਜਸਪਾਲ ਜੱਸੀ ਗਰੁੱਪ ਦੇ ਸਰਗਰਮ ਮੈਂਬਰ ਵਜੋਂ ਕੰਮ ਕਰਦਾ ਆ ਰਿਹਾ ਹੈ। ਪੁਲੀਸ ਅਨੁਸਾਰ ਮੁਲਜ਼ਮ ਕੋਲੋਂ ਬਰਾਮਦ ਅਸਲਾ ਉਸ ਨੇ ਆਪਣੇ ਵਿਰੋਧੀ ਗੈਂਗਸਟਰ ਗਰੁੱਪ ਦੇ ਮੈਂਬਰਾਂ ’ਤੇ ਹਮਲਾ ਕਰਨ ਲਈ ਲਿਆਂਦਾ ਸੀ। ਪੁੱਛ-ਪੜਤਾਲ ਦੌਰਾਨ ਮੁਲਜ਼ਮ ਕੋਲੋਂ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ।