ਸ਼ਸ਼ੀ ਪਾਲ ਜੈਨ
ਖਰੜ, 27 ਜੁਲਾਈ
ਗੈਂਗਸਟਰ ਜੌਹਨ ਬੁੱਟਰ, ਜੋ ਕਿ ਸਨੀ ਐਨਕਲੇਵ ’ਚ ਅਮਨ ਹੋਮਜ਼ ਕਲੋਨੀ ’ਚ ਬੀਤੇ ਦਿਨੀਂ ਗੈਂਗਸਟਰ ਅਤੇ ਪੁਲੀਸ ਵਿਚਾਲੇ ਹੋਈ ਗੋਲੀਬਾਰੀ ਦੌਰਾਨ ਲੱਤ ’ਚ ਗੋਲੀ ਵੱਜਣ ਕਾਰਨ ਜ਼ਖ਼ਮੀ ਹੋ ਗਿਆ ਸੀ, ਨੂੰ ਅੱਜ ਖਰੜ ਦੀ ਅਦਾਲਤ ਨੇ 7 ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਗਰਾਉਂ ਅਤੇ ਖਰੜ ਪੁਲੀਸ ਦੀ ਸਾਂਝੀ ਕਾਰਵਾਈ ਦੌਰਾਨ ਜਦੋਂ ਪੁਲੀਸ ਅਮਨ ਹੋਮਜ਼ ਵਿਚ ਰਹਿ ਰਹੇ ਇਨ੍ਹਾਂ ਗੈਂਗਸਟਰਾਂ ਨੂੰ ਫੜਨ ਲਈ ਉੱਥੇ ਪਹੁੰਚੀ ਸੀ ਤਾਂ ਊਨ੍ਹਾਂ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ ਸੀ। ਜਵਾਬੀ ਗੋਲੀਬਾਰੀ ’ਚ ਜੌਹਨ ਬੁੱਟਰ ਜ਼ਖ਼ਮੀ ਹੋ ਗਿਆ ਸੀ ਤੇ ਉਸ ਦੇ ਚਾਰ ਸਾਥੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਹ ਪਹਿਲਾਂ ਹੀ 30 ਜੁਲਾਈ ਤਕ ਪੁਲੀਸ ਰਿਮਾਂਡ ’ਤੇ ਹਨ। ਉਸ ਦਿਨ ਜ਼ਖ਼ਮੀ ਹੋਣ ਕਾਰਨ ਜੌਹਨ ਬੁੱਟਰ ਨੂੰ ਖਰੜ ਸਿਵਲ ਹਸਪਤਾਲ ਤੋਂ ਪੀ.ਜੀ.ਆਈ ਰੈਫ਼ਰ ਕਰ ਦਿੱਤਾ ਗਿਆ ਸੀ, ਜਿੱਥੇ ਉਸ ਦੀ ਲੱਤ ਦਾ ਅਪ੍ਰੇਸ਼ਨ ਹੋਇਆ। ਐਤਵਾਰ ਨੂੰ ਖਰੜ ਸਦਰ ਪੁਲੀਸ ਨੇ ਉਸ ਨੂੰ ਪੀਜੀਆਈ ਤੋਂ ਲਿਆ ਕੇ ਗ੍ਰਿਫ਼ਤਾਰ ਕੀਤਾ ਸੀ। ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕਰਦਿਆਂ ਸਰਕਾਰੀ ਪੱਖ ਨੇ ਉਸ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਇਹ ਮੁਲਜ਼ਮ ਪਹਿਲਾਂ ਕਈ ਕੇਸਾਂ ’ਚ ਭਗੌੜਾ ਹੈ। ਇਸੇ ਦੌਰਾਨ ਅੱਜ ਇਨ੍ਹਾਂ 5 ਗੈਂਗਸਟਰਾਂ ਦਾ ਸਿਵਲ ਹਸਪਤਾਲ ਖਰੜ ਵਿਚ ਕਰੋਨਾ ਟੈਸਟ ਵੀ ਕਰਵਾਇਆ ਗਿਆ।