ਦਵਿੰਦਰ ਸਿੰਘ ਭੰਗੂ
ਰਈਆ, 30 ਅਕਤੂਬਰ
ਇਥੋਂ ਲਾਗੇ ਦਰਿਆ ਬਿਆਸ ਦੇ ਕੰਢੇ ਮੰਡ ਇਲਾਕੇ ਵਿੱਚ ਬੁੱਧਵਾਰ ਨੂੰ ਪੁਲੀਸ ਨਾਲ ਹੋਏ ਮੁਕਾਬਲੇ ਵਿਚ ਇਕ ਗੈਂਗਸਟਰ ਮਾਰਿਆ ਗਿਆ ਅਤੇ ਉਸ ਦਾ ਦੂਜਾ ਸਾਥੀ ਭੱਜਣ ਵਿਚ ਕਾਮਯਾਬ ਰਿਹਾ, ਜਿਸ ਦੀ ਤਲਾਸ਼ ਜਾਰੀ ਹੈ। ਮਾਰੇ ਗਏ ਗੈਂਗਸਟਰ ਦੀ ਪਛਾਣ ਲੰਡਾ ਗਰੁੱਪ ਦੇ ਗੁਰਸ਼ਰਨ ਸਿੰਘ ਹਰੀਕੇ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਇਨ੍ਹਾਂ ਦੋਵਾਂ ਗੈਂਗਸਟਰਾਂ ਨੂੰ ਕੁਝ ਦਿਨ ਪਹਿਲਾਂ ਪਿੰਡ ਸਠਿਆਲਾ ਦੇ ਸਾਬਕਾ ਸਰਪੰਚ ਅਤੇ ਆੜ੍ਹਤੀਏ ਗੁਰਦੀਪ ਸਿੰਘ ਉਰਫ਼ ਗੋਰਾ ਦੇ ਹੋਏ ਕਤਲ ਦੇ ਮਾਮਲੇ ਵਿਚ ਬਰਾਮਦਗੀ ਲਈ ਦਰਿਆ ਕੰਢੇ ਲਿਆਂਦਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਦੋਵੇਂ ਗੈਂਗਸਟਰ ਪੁਲੀਸ ਮੁਲਾਜ਼ਮਾਂ ਨੂੰ ਧੱਕਾ ਮਾਰ ਕੇ ਭੱਜ ਗਏ।
ਇਸ ’ਤੇ ਪੁਲੀਸ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਇਕ ਗੈਂਗਸਟਰ ਮਾਰਿਆ ਗਿਆ। ਖ਼ਬਰ ਲਿਖੇ ਜਾਣ ਤੱਕ ਦਰਿਆ ਕੰਢੇ ਮੁਕਾਬਲਾ ਅਤੇ ਦੂਜੇ ਗੈਂਗਸਟਰ ਨੂੰ ਫੜਨ ਦੀ ਮੁਹਿੰਮ ਜਾਰੀ ਸੀ। ਡੀਆਈਜੀ – ਬਾਰਡਰ ਰੇਂਜ ਅੰਮ੍ਰਿਤਸਰ ਸਤਿੰਦਰ ਸਿੰਘ ਤੇ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਘਟਨਾ ਸਥਾਨ ਉਤੇ ਪੁੱਜੀ ਹੋਈ ਹੈ ਤੇ ਲਗਾਤਾਰ ਪੁਲੀਸ ਫੋਰਸ ਦੀਆਂ ਹੋਰ ਗੱਡੀਆਂ ਵੀ ਪੁੱਜ ਰਹੀਆਂ ਹਨ।
ਗ਼ੌਰਤਲਬ ਹੈ ਕਿ ਬੀਤੀ 23 ਅਕਤੂਬਰ ਨੂੰ ਬਾਅਦ ਦੁਪਹਿਰ ਤਿੰਨ ਮੋਟਰ ਸਵਾਰ ਨੌਜਵਾਨਾਂ ਨੇ ਇਥੇ ਦਾਣਾ ਮੰਡੀ ਵਿਚ ਆੜ੍ਹਤ ਦੀ ਦੁਕਾਨ ’ਤੇ ਬੈਠੇ ਇਸ ਦੇ ਮਾਲਕ ਅਤੇ ਪਿੰਡ ਸਠਿਆਲਾ ਦੇ ਸਾਬਕਾ ਸਰਪੰਚ ਤੇ ਆੜ੍ਹਤੀਏ ਗੁਰਦੀਪ ਸਿੰਘ ਉਰਫ਼ ਗੋਰਾ (40 ਸਾਲ) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਨ੍ਹਾਂ ਦੋਵੇਂ ਗੈਂਗਸਟਰਾਂ ਨੂੰ ਇਸੇ ਮਾਮਲੇ ਵਿਚ ਇਥੇ ਲਿਆਂਦਾ ਗਿਆ ਸੀ।