ਖੇਤਰੀ ਪ੍ਰਤੀਨਿਧ
ਪਟਿਆਲਾ, 27 ਅਪਰੈਲ
ਹਥਿਆਰਾਂ ਦੀ ਤਸਕਰੀ ਕਰਨ ਦੇ ਦੋਸ਼ ਹੇਠ ਪਿਛਲੇ ਦਿਨੀਂ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗੈਂਗਸਟਰ ਰਾਜੀਵ ਰਾਜਾ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ। ਲੁਧਿਆਣਾ ਨਾਲ ਸਬੰਧਤ ਇਸ ਗੈਂਗਸਟਰ ਖ਼ਿਲਾਫ਼ ਕਤਲ, ਡਕੈਤੀ, ਲੁੱਟ-ਖੋਹ ਅਤੇ ਕਈ ਹੋਰ ਵਾਰਦਾਤਾਂ ਸਬੰਧੀ 35 ਕੇਸ ਦਰਜ ਹਨ। ਕੁਝ ਸਾਲ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਰਾਜਾ ਇੱਕ ਵਾਰ ਅਦਾਲਤੀ ਪੇਸ਼ੀ ਮੌਕੇ ਕਿਸੇ ਹੋਰ ਜ਼ਿਲ੍ਹੇ ਦੀ ਪੁਲੀਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ ਪਰ ਉਸ ਨੂੰ ਕੁਝ ਮਹੀਨਿਆਂ ਮਗਰੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਦੋਂ ਤੋਂ ਹੀ ਉਹ ਜੇਲ੍ਹ ’ਚ ਬੰਦ ਹੈ। ਕੁਝ ਮਹੀਨੇ ਪਹਿਲਾਂ ਸ਼ੰਭੂ ਕੋਲ ਹਥਿਆਰ ਦਿਖਾ ਕੇ ਇੱਕ ਸਕਾਰਪੀਓ ਗੱਡੀ ਖੋਹਣ ਦੇ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਰਾਜੀਵ ਰਾਜਾ ਦਾ ਹਥਿਆਰਾਂ ਦੀ ਤਸਕਰੀ ਕਰਨ ਦਾ ਭੇਤ ਖੁੱਲ੍ਹਿਆ ਸੀ।