ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਜਨਵਰੀ
ਫਿਰੌਤੀ ਲੈਣ ਲਈ ਗੋਲੀਬਾਰੀ ਕਰਨ ਦੇ ਦੋਸ਼ ਹੇਠ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਸੁੱਖਾ ਲੰਮੇ ਗਰੁੁੱਪ ਦੇ ਦੋ ਨਿਸ਼ਾਨਚੀਆਂ ਦੀ ਪੁੱਛਗਿੱਛ ਮਗਰੋਂ ਅੱਜ ਸੀਆਈਏ ਸਟਾਫ ਧਰਮਕੋਟ ਨੇ ਇਟਲੀ ਅਤੇ ਆਸਟਰੇਲੀਆ ਵਿੱਚ ਰਹਿ ਰਹੇ ਦੋ ਹੋਰ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਹੈ। ਕਈ ਕਤਲਾਂ ਆਦਿ ਵਿੱਚ ਲੋੜੀਂਦਾ ਗੈਂਗਸਟਰ ਸੁੱਖਾ ਲੰਮੇ ਗਰੁੱਪ ਪੁਲੀਸ ਲਈ ਸਿਰਦਰਦ ਬਣਿਆ ਹੋਇਆ ਹੈ।
ਜਾਂਚ ਅਧਿਕਾਰੀ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਦੋ ਨਿਸ਼ਾਨਚੀਆਂ ਰੇਸ਼ਮ ਸਿੰਘ ਵਾਸੀ ਸੁਲਤਾਨਪੁਰ ਲੋਧੀ ਅਤੇ ਸਾਹਿਲ ਕੁਮਾਰ ਵਾਸੀ ਜਲੰਧਰ ਦੀ ਪੁੱਛਗਿੱਛ ਮਗਰੋਂ ਇਟਲੀ ਰਹਿੰਦੇ ਪਰਵਿੰਦਰ ਕੁਮਾਰ ਵਾਸੀ ਸਮਸਬਾਦ (ਜਲੰਧਰ) ਅਤੇ ਆਸਟਰੇਲੀਆ ਰਹਿੰਦੇ ਜਗਤਜੀਤ ਸਿੰਘ ਵਾਸੀ ਨਾਨਕਸਰ ਕਲੇਰਾਂ (ਜਗਰਾਉਂ) ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਟਲੀ ’ਚੋਂ ਪ੍ਰਭ ਨਾਂ ਦਾ ਵਿਅਕਤੀ ਵਟਸਐਪ ਅਤੇ ਹੋਰ ਗੈਰ-ਰਵਾਇਤੀ ਤਰੀਕਿਆਂ ਨਾਲ ਕਾਰੋਬਾਰੀਆਂ ਅਤੇ ਸਨਅਤਕਾਰਾਂ ਆਦਿ ਨੂੰ ਫ਼ਿਰੌਤੀ ਲਈ ਫੋਨ ਕਰਦਾ ਹੈ ਤੇ ਡਰਾਉਂਦਾ-ਧਮਕਾਉਂਦਾ ਹੈ। ਪੁਲੀਸ ਮੁਤਾਬਕ ਫ਼ਿਰੌਤੀ ਨਾ ਦੇਣ ਵਾਲੇ ਕਾਰੋਬਾਰੀਆਂ ’ਤੇ ਗੋਲੀਬਾਰੀ ਕਰਨ ਦਾ ਕੰਮ ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਨਿਸ਼ਨਾਚੀਆਂ ਨੂੰ ਸੌਂਪਿਆ ਗਿਆ ਸੀ। ਇਨ੍ਹਾਂ ਨੂੰ ਵਾਰਦਾਤ ਬਦਲੇ ਮਨੀਗ੍ਰਾਮ ਰਾਹੀਂ ਵਿਦੇਸ਼ਾਂ ਤੋਂ ਪੈਸੇ ਮਿਲ ਰਹੇ ਸਨ। ਇਨ੍ਹਾਂ ਨੇ 31 ਦਸੰਬਰ ਨੂੰ ਤਲਵੰਡੀ ਭਾਈ ਦੇ ਇੱਕ ਮਨੀ ਚੇਂਜਰ ’ਤੇ ਫਾਇਰਿੰਗ ਕੀਤੀ ਸੀ ਅਤੇ ਦੋ ਹੋਰ ਜੌਹਰੀਆਂ ਨੂੰ ਨਿਸ਼ਾਨਾ ਬਣਾਉਣ ਲਈ ਰੇਕੀ ਕੀਤੀ ਹੋਈ ਸੀ। ਬੀਤੇ ਦਿਨੀਂ ਜਦੋਂ ਇਹ ਜਗਰਾਉਂ ਵਿੱਚ ਇੱਕ ਜੌਹਰੀ ’ਤੇ ਫਾਇਰਿੰਗ ਕਰਨ ਜਾ ਰਹੇ ਸਨ ਤਾਂ ਮੋਗਾ ਪੁਲੀਸ ਦੇ ਹੱਥ ਚੜ੍ਹ ਗਏ।