ਜੋਗਿੰਦਰ ਸਿੰਘ ਮਾਨ
ਮਾਨਸਾ, 3 ਅਕਤੂਬਰ
ਮੁੱਖ ਅੰਸ਼
- ਟੀਨੂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ
ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਦੇ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋਣ ਦੇ ਮਾਮਲੇ ਵਿੱਚ ਮਾਨਸਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਸੀਆਈਏ ਸਟਾਫ਼ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਸਥਾਨਕ ਅਦਾਲਤ ਨੇ 7 ਅਕਤੂਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਪੁਲੀਸ ਵੱਲੋਂ ਉਸ ਦਾ ਮਾਨਸਾ ਦੇ ਸਿਵਲ ਹਸਪਤਾਲ ਵਿੱਚੋਂ ਡਾਕਟਰੀ ਮੁਆਇਨਾ ਕਰਵਾਇਆ ਗਿਆ। ਪੁਲੀਸ ਵੱਲੋਂ ਉਸ ਨੂੰ ਹਸਪਤਾਲ ਵਿੱਚ ਬਿਨਾਂ ਹੱਥਕੜੀ ਤੋਂ ਲਿਜਾਣ ਦਾ ਮਾਮਲਾ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਉਧਰ ਟੀਨੂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਮਾਨਸਾ ਦੇ ਐੱਸਐੈੱਸਪੀ ਗੌਰਵ ਤੂਰਾ ਨੇ ਮੁਲਜ਼ਮ ਨੂੰ ਸੱਤ ਰੋਜ਼ਾ ਪੁਲੀਸ ਰਿਮਾਂਡ ’ਤੇ ਲੈਣ ਦੀ ਪੁਸ਼ਟੀ ਕੀਤੀ ਹੈ।
ਪੁਲੀਸ ਵੱਲੋਂ ਗੈਂਗਸਟਰ ਦੀਪਕ ਟੀਨੂ ਦੇ ਝੁਨੀਰ ਦੀ ਇੱਕ ਨਿੱਜੀ ਇਮਾਰਤ ’ਚੋਂ ਫਰਾਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਹ ਸੀਆਈਏ ਇੰਚਾਰਜ ਦੀ ਮਾਨਸਾ ਸਥਿਤ ਸਰਕਾਰੀ ਕੋਠੀ ’ਚੋਂ ਚਕਮਾ ਦੇ ਕੇ ਭੱਜਣ ਵਿੱਚ ਸਫ਼ਲ ਹੋਇਆ ਹੈ। ਇਹ ਕੋਠੀ ਸਰਕਾਰੀ ਅਧਿਕਾਰੀਆਂ ਦੀਆਂ ਕੋਠੀਆਂ ਦੇ ਵਿਚਕਾਰ ਹੈ, ਜਿੱਥੇ ਉੱਚ ਅਧਿਕਾਰੀ ਰਹਿੰਦੇ ਹਨ। ਹਾਲਾਂਕਿ ਇਸ ਤੱਥ ਦੀ ਕਿਸੇ ਪੁਲੀਸ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ, ਪਰ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸੀਆਈਏ ਸਟਾਫ਼ ਤੋਂ ਜ਼ਿਲ੍ਹਾ ਕਚਹਿਰੀਆਂ ਵਿਚਲੀਆਂ ਸਰਕਾਰੀ ਕੋਠੀਆਂ ਤੱਕ ਆਉਂਦੇ ਸੀਸੀਟੀਵੀ ਕੈਮਰਿਆਂ ਨੂੰ ਅੱਜ ਬਕਾਇਦਾ ਘੋਖਿਆ ਗਿਆ ਹੈ। ਅਧਿਕਾਰੀਆਂ ਵੱਲੋਂ ਪ੍ਰਿਤਪਾਲ ਸਿੰਘ ਨੂੰ ਅਲਾਟ ਹੋਈ ਸਰਕਾਰੀ ਕੋਠੀ ਦੀ ਤਲਾਸ਼ੀ ਵੀ ਲਈ ਗਈ ਹੈ।
ਉਧਰ ਪੰਜਾਬ ਪੁਲੀਸ ਵੱਲੋਂ ਸੀਆਈਏ ਦੇ ਇੰਚਾਰਜ ਪ੍ਰਿਤਪਾਲ ਸਿੰਘ ਖਿਲਾਫ਼ ਦਰਜ ਐੱਫਆਈਆਰ ਮੁਤਾਬਕ ਸਬ-ਇੰਸਪੈਕਟਰ ਇਕ ਕਤਲ ਕੇਸ ਵਿੱਚ ਹਥਿਆਰਾਂ ਦੀ ਬਰਾਮਦਗੀ ਲਈ ਟੀਨੂ ਨੂੰ ਸੀਆਈਏ ਥਾਣੇ ਤੋਂ ਲੈ ਗਿਆ ਸੀ, ਜਿਸ ਦੌਰਾਨ ਗੈਂਗਸਟਰ ਉਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ। ਐੱਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਮੁਲਜ਼ਮ ਸਾਜ਼ਿਸ਼ ਤਹਿਤ ਪ੍ਰਿਤਪਾਲ ਸਿੰਘ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਸੀਆਈਏ ਇੰਚਾਰਜ ਉਸ ਨੂੰ ਆਪਣੀ ਨਿੱਜੀ ਗੱਡੀ ਵਿੱਚ ਇਕੱਲਾ ਲੈ ਕੇ ਗਿਆ ਤੇ ਇਸ ਮੌਕੇ ਉਨ੍ਹਾਂ ਨਾਲ ਕੋਈ ਹੋਰ ਸੁਰੱਖਿਆ ਕਰਮਚਾਰੀ ਨਹੀਂ ਸੀ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਟੀਨੂੰ ਨੂੰ ਇਕੱਲੇ ਹੀ ਥਾਣੇ ਤੋਂ ਬਾਹਰ ਕੱਢ ਕੇ ਭੱਜਣ ਵਿਚ ਮਦਦ ਕੀਤੀ, ਜਿਸ ਵਿੱਚ ਹੋਰ ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਪੁਲੀਸ ਦੀਪਕ ਟੀਨੂ ਨੂੰ 4 ਜੁਲਾਈ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਟਰਾਂਜ਼ਿਟ ਰਿਮਾਂਡ ’ਤੇ ਲੈ ਕੇ ਆਈ ਸੀ।
ਹਰਿਆਣਾ ਅਤੇ ਰਾਜਸਥਾਨ ਵਿੱਚ ਛਾਪੇ
ਗੈਂਗਸਟਰ ਦੀਪਕ ਟੀਨੂ ਦੀ ਭਾਲ ਵਿੱਚ ਮਾਨਸਾ ਪੁਲੀਸ ਨੇ ਅੱਜ ਹਰਿਆਣਾ ਤੇ ਰਾਜਸਥਾਨ ਵਿੱਚ ਵੱਖ ਵੱਖ ਥਾਈਂ ਛਾਪੇ ਮਾਰੇ। ਪੁਲੀਸ ਦੀਆਂ ਦੋ ਤੋਂ ਵੱਧ ਟੀਮਾਂ ਇਨ੍ਹਾਂ ਰਾਜਾਂ ਵਿੱਚ ਮੌਜੂਦ ਹਨ। ਪੁਲੀਸ ਨੇ ਫ਼ਤਿਆਬਾਦ ਸ਼ਹਿਰ ਵਿੱਚ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ। ਪੁਲੀਸ ਦੇ ਇੱਕ ਉਚ ਅਧਿਕਾਰੀ ਨੇ ਦੱਸਿਆ ਕਿ ਫਰਾਰ ਗੈਂਗਸਟਰ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਇਸੇ ਦੌਰਾਨ ਬਠਿੰਡਾ ਰੇਂਜ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਅੱਜ ਦੇਰ ਸ਼ਾਮ ਮਾਨਸਾ ਆਏ ਅਤੇ ਪੁਲੀਸ ਰਿਮਾਂਡ ’ਤੇ ਲਏ ਗਏ ਸੀਏਆਈ ਇੰਚਾਰਜ ਪ੍ਰਿਤਪਾਲ ਸਿੰਘ ਤੋਂ ਐੱਸਐੱਸਪੀ ਗੌਰਵ ਤੂਰਾ ਦੀ ਮੌਜੂਦਗੀ ਵਿੱਚ ਪੁੱਛਗਿੱਛ ਕਰਦੇ ਰਹੇ।
ਗੈਂਗਸਟਰਵਾਦ ਲਈ ਅਕਾਲੀ-ਕਾਂਗਰਸੀ ਜ਼ਿੰਮੇਵਾਰ-ਮੁੱਖ ਮੰਤਰੀ
ਚੰਡੀਗੜ੍ਹ (ਟਨਸ): ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿਚ ਗੈਂਗਸਟਰਵਾਦ ਲਈ ਅਕਾਲੀ-ਕਾਂਗਰਸ ਨੂੰ ਸਿੱਧੇ ਤੌਰ ਉਤੇ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਆਗੂ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਦੇ ਰਹੇ ਹਨ ਜਿਸ ਕਰਕੇ ਇਹ ਲੋਕ ਅੱਜ ਸਮਾਜ ਲਈ ਖਤਰਾ ਬਣੇ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਐਤਵਾਰ ਨੂੰ ਪੁਲੀਸ ਹਿਰਾਸਤ ਤੋਂ ਭੱਜਣ ਵਾਲੇ ਗੈਂਗਸਟਰ ਨੂੰ ਫੜਨ ਲਈ ਸਪੈਸ਼ਲ ਅਪ੍ਰੇਸ਼ਨ ਸੁਰੂ ਕਰ ਦਿੱਤਾ ਹੈ ਅਤੇ ਉਹ ਜਲਦੀ ਹੀ ਸਲਾਖਾਂ ਪਿੱਛੇ ਹੋਵੇਗਾ।