ਬੀ.ਐਸ.ਚਾਨਾ
ਸ੍ਰੀ ਆਨੰਦਪੁਰ ਸਾਹਿਬ, 5 ਜੁਲਾਈ
ਪੰਜਾਬ ਰਾਜ ਪਾਵਰਕੌਮ ਦੇ ਨੰਗਲ ਤੋਂ ਨਿਕਲਣ ਵਾਲੀ ਆਨੰਦਪੁਰ ਸਾਹਿਬ ਹਾਈਡਲ ਨਹਿਰ ’ਤੇ ਬਣੇ ਨੱਕੀਆਂ ਪਣ-ਬਿਜਲੀ ਘਰ ’ਚ ਪਾਣੀ ਭਰ ਜਾਣ ਕਰਕੇ ਬੀਤੇ ਇੱਕ ਹਫਤੇ ਤੋਂ ਗੰਗੂਵਾਲ ਤੇ ਨੱਕੀਆਂ ਪਣ-ਬਿਜਲੀ ਘਰਾਂ ’ਚ ਹੋਣ ਵਾਲਾ ਰੋਜ਼ਾਨਾਂ 32 ਲੱਖ ਯੂਨਿਟ ਤੋਂ ਵੱਧ ਦਾ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਨਾਲ ਠੱਪ ਪਿਆ ਹੈ। ਜਿਸ ਕਾਰਨ ਪਾਵਰਕੌਮ ਨੂੰ ਰੋਜ਼ਾਨਾ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ, ਉੱਥੇ ਹੀ ਇਸਨੂੰ ਬਹਾਲ ਕਰਨ ਲਈ ਅਜੇ ਕਈ ਦਿਨ ਲੱਗ ਸਕਦੇ ਹਨ। ਜ਼ਿਕਰਯੋਗ ਹੈ ਕਿ ਪਾਵਰਕੌਮ ਵੱਲੋਂ ਆਨੰਦਪੁਰ ਸਾਹਿਬ ਹਾਈਡਲ ਨਹਿਰ ’ਤੇ 1985 ’ਚ ਗੰਗੂਵਾਲ ਤੇ ਨੱਕੀਆਂ ਪਣ-ਬਿਜਲੀ ਘਰਾਂ ਨੂੰ ਸ਼ੁਰੂ ਕੀਤਾ ਗਿਆ ਸੀ। ਜਿੱਥੇ ਮੌਜੂਦਾ ਸਮੇਂ ’ਚ ਦੋ-ਦੋ ਮਸ਼ੀਨਾਂ ਦੋਵੇਂ ਪਣ-ਬਿਜਲੀ ਘਰਾਂ ’ਚ 33.5-33.5 ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਰਹੀਆਂ ਹਨ। ਅਜਿਹੇ ਵਿੱਚ ਜਦੋਂ ਸੂਬੇ ’ਚ ਬਿਜਲੀ ਦੀ ਮੰਗ ਆਪਣੇ ਸ਼ਿਖਰ ਤੇ ਸੀ ਤਾਂ ਬੀਤੇ ਐਤਵਾਰ ਰਾਤ ਨੂੰ ਨੱਕੀਆਂ ਪਣ-ਬਿਜਲੀ ਘਰ ਦੀ ਇੱਕ ਗੈਲਰੀ ਵਿੱਚ ਬੁਹਤ ਜ਼ਿਆਦਾ ਪਾਣੀ ਭਰ ਗਿਆ, ਜਿਸ ਕਰਕੇ ਜਿੱਥੇ ਨੱਕੀਆਂ ਦਾ ਬਿਜਲੀ ਉਤਪਾਦਨ ਬੰਦ ਹੋ ਗਿਆ, ਉੱਥੇ ਹੀ ਗੰਗੂਵਾਲ ਪਣ-ਬਿਜਲੀ ਘਰ ਵੀ ਠੱਪ ਹੋ ਗਿਆ। ਹਾਲਾਂਕਿ ਪਾਵਰਕੌਮ ਵੱਲੋਂ ਆਮ ਜਨਤਾ ਲਈ ਬਿਜਲੀ ਦੀ ਮੰਗ ਪੂਰੀ ਕਰਨ ਲਈ ਰੂਪਨਗਰ ਤੇ ਨਵਾਂਸ਼ਹਿਰ ਰਾਹੀਂ ਬਿਜਲੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਪਰ ਦੋਵੇਂ ਪਣ-ਬਿਜਲੀ ਘਰਾਂ ਦੇ ਠੱਪ ਹੋਣ ਨਾਲ ਰੋਜ਼ਾਨਾ 32.16 ਲੱਖ ਯੂਨਿਟ ਬਿਜਲੀ ਉਤਪਾਦਨ ਨਾ ਹੋਣ ਕਰਕੇ ਪਾਵਰਕੌਮ ਨੂੰ ਰੋਜ਼ਾਨਾ ਕਰੋੜਾਂ ਰੁਪਏ ਦੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ੱਕ ਪਣ-ਬਿਜਲੀ ਘਰ ’ਚ ਪੈਦਾ ਹੋਣ ਵਾਲੀ ਬਿਜਲੀ ਦੀ ਕੀਮਤ ਆਮ ਲੋਕਾਂ ਨੂੰ ਪੈਣ ਵਾਲੀ ਬਿਜਲੀ ਦੀ ਪ੍ਰਤੀ ਯੂਨਿਟ ਕੀਮਤ ਨਾਲੋਂ ਕਿਤੇ ਘੱਟ ਹੈ ਪਰ ਬਾਜ਼ਾਰੂ ਕੀਮਤ ਦੇ ਹਿਸਾਬ ਨਾਲ ਇਹ ਰੋਜ਼ਾਨਾ ਦਾ ਕਰੋੜਾਂ ਰੁਪਏ ਦਾ ਘਾਟਾ ਹੈ।
ਇਸ ਬਾਬਤ ਜਦੋਂ ਅਨੰਦਪੁਰ ਸਾਹਿਬ ਹਾਈਡਲ ਦੇ ਰੈਜ਼ੀਡੈਂਟ ਇੰਜਨੀਅਰ ਵਰਿੰਦਰ ਨਾਥ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬੀਤੇ ਸੋਮਵਾਰ ਨੂੰ ਨੱਕੀਆ ਪਣ ਬਿਜਲੀ ਘਰ ‘ਚ ਪਾਣੀ ਭਰ ਜਾਣ ਕਰਕੇ ਦੋਵੇਂ ਪਣ ਬਿਜਲੀ ਘਰ ਠੱਪ ਹਨ ਅਤੇ ਇਨ੍ਹਾਂ ਨੂੰ ਸੁਚਾਰੂ ਕਰਕੇ ਉਤਪਾਦਨ ਬਹਾਲ ਕਰਨ ‘ਚ ਅਜੇ ਹੋਰ ਦਿਨ ਲੱਗ ਸਕਦੇ ਹਨ ਪਰ ਸਹੀ ਅੰਦਾਜ਼ਾ ਫਿਲਹਾਲ ਨਹੀਂ ਲਗਾਇਆ ਜਾ ਸਕਦਾ ਹੈ। ਜਿੱਥੋਂ ਤੱਕ ਸਥਿਤੀ ਨੂੰ ਮੁੜ ਠੀਕ ਹਾਲਾਤ ’ਚ ਲਿਆਉਣ ਦੀ ਗੱਲ ਹੈ ਤਾਂ ਸਮੁੱਚਾ ਅਮਲਾ ਪੂਰੀ ਸ਼ਿੱਦਤ ਨਾਲ ਕੰਮ ਕਰ ਰਿਹਾ ਹੈ।