ਪਾਲ ਸਿੰਘ ਨੌਲੀ
ਜਲੰਧਰ, 12 ਨਵੰਬਰ
ਬਹੁਜਨ ਸਮਾਜ ਪਾਰਟੀ ਦੀ ਹਾਈਕਮਾਨ ਵੱਲੋਂ ਪਾਰਟੀ ਵਿੱਚੋਂ ਕੱਢੇ ਸਾਬਕਾ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਬੈਨੀਵਾਲ, ਬਸਪਾ ਦੇ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ, ਦਿੱਲੀ, ਚੰਡੀਗੜ੍ਹ ਦੇ ਵੀ ਕੇਂਦਰੀ ਸੂਬਾ ਇੰਚਾਰਜ ਹਨ, ਜਿਨ੍ਹਾਂ ਉੱਤੇ ਗੜ੍ਹੀ ਨੇ ਭ੍ਰਿਸ਼ਟਾਚਾਰ ਅਤੇ ਪਾਰਟੀ ਫੰਡਾਂ ਵਿੱਚ ਗ਼ਬਨ ਕਰ ਕੇ ਮੋਟੀਆਂ ਜਾਇਦਾਦਾਂ ਬਣਾਉਣ ਅਤੇ ਮਹਿੰਗੀਆਂ ਕਾਰਾਂ ਖ਼ਰੀਦਣ ਦੇ ਦੋਸ਼ ਲਾਏ ਹਨ। ਗੜ੍ਹੀ ਨੂੰ 5 ਨਵੰਬਰ ਨੂੰ ਅਨੁਸ਼ਾਸਨਹੀਣਤਾ ਦਾ ਦੋਸ਼ ਲਾ ਕੇ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਥਾਂ ਸਾਬਕਾ ਸੂਬਾ ਪ੍ਰਧਾਨ ਤੇ ਰਾਜ ਸਭਾ ਦੇ ਸਾਬਕਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੂੰ ਬਸਪਾ ਦਾ ਸੂਬਾਈ ਪ੍ਰਧਾਨ ਬਣਾ ਦਿੱਤਾ ਗਿਆ ਸੀ। ਗੜ੍ਹੀ ਨੇ ਬੈਨੀਵਾਲ ਉੱਤੇ ਦੋਸ਼ ਲਾਉਂਦਿਆਂ ਮੰਗਲਵਾਰ ਨੂੰ ਆਪਣੇ ਵੈਰੀਫਾਈਡ ‘ਐਕਸ’ ਖਾਤੇ ਤੋਂ ਪੋਸਟ ਸਾਂਝੀ ਕੀਤੀ ਹੈ। ਹਿੰਦੀ ਵਿੱਚ ਲਿਖੀ ਇਸ ਪੋਸਟ ਵਿੱਚ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ, ਕੌਮੀ ਕੋਆਰਡੀਨੇਟਰ ਅਕਾਸ਼ ਆਨੰਦ, ਕੇਂਦਰੀ ਆਗੂਆਂ ਸਤੀਸ਼ ਮਿਸ਼ਰਾ, ਰਾਮਜੀ ਗੌਤਮ ਨੂੰ ਵੀ ਟੈਗ ਕੀਤਾ ਗਿਆ ਹੈ।
ਗੜ੍ਹੀ ਨੇ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਬਹੁਜਨ ਅੰਦੋਲਨ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੇ ਬਾਨੀ ‘ਸਾਹਿਬ ਕਾਂਸ਼ੀ ਰਾਮ ਵੱਲੋਂ ਦਿੱਤੀਆਂ ਕਦਰਾਂ-ਕੀਮਤਾਂ’ ਤਹਿਤ ਕੰਮ ਕਰ ਰਹੇ ਹਨ ਪਰ ਉਨ੍ਹਾਂ ਵਰਗੇ ਜੁਝਾਰੂ ਆਗੂਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਜਾਣਾ ਬੇਹੱਦ ਦੁਖਦਾਈ ਹੈ।
ਰਣਧੀਰ ਬੈਨੀਵਾਲ ਨੇ ਦੋਸ਼ ਨਕਾਰੇ
ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪਾਰਟੀ ਵਿੱਚ ਅਨੁਸ਼ਾਸ਼ਨਹੀਣਤਾਂ ਦੇ ਦੋਸ਼ਾਂ ਤਹਿਤ ਗੜ੍ਹੀ ਨੂੰ ਪਾਰਟੀ ਵਿੱਚੋਂ ਕੱਢਿਆ ਜਾ ਚੁੱਕਾ ਹੈ ਤਾਂ ਉਹ ਅਜਿਹੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਜਾਇਦਾਦਾਂ ਬਣਾਈਆਂ ਹਨ ਉਹ ਮਿਹਨਤ ਕਰ ਕੇ ਬਣਾਈਆਂ ਹਨ। ਬੈਨੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਚਾਰ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਹਲਕਿਆਂ ਵਿੱਚ ਚੋਣਾਂ ਲੜਨ ਲਈ ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਹਰੀ ਝੰਡੀ ਦੇ ਦਿੱਤੀ ਸੀ ਪਰ ਸੂਬੇ ਦੇ ਪ੍ਰਧਾਨ ਹੁੰਦਿਆਂ ਹੋਏ ਵੀ ਉਨ੍ਹਾਂ ਨੂੰ ਚਾਰ ਉਮੀਦਵਾਰ ਨਹੀਂ ਲੱਭੇ। ਬੈਨੀਵਾਲ ਨੇ ਗੜ੍ਹੀ ਵੱਲੋਂ ਲਾਏ ਦੋਸ਼ਾਂ ਨੂੰ ਮੂਲੋਂ ਰੱਦ ਕਰਦਿਆ ਕਿਹਾ ਕਿ ਉਹ ਇਸ ਬਾਰੇ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦੇ।