ਮੋਰਿੰਡਾ (ਪੱਤਰ ਪ੍ਰੇਰਕ): ਮੋਰਿੰਡਾ ਵਿੱਚ ਗੈਸ ਏਜੰਸੀ ਵਰਕਰਜ਼ ਯੂਨੀਅਨ ਇਫਟੂ ਪੰਜਾਬ ਨੇ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਦੱਸਿਆ ਕਿ ਯੂਨੀਅਨ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਉਹ ਤੇਲ ਕੰਪਨੀਆਂ ਨਾਲ ਪਾਈ ਜਾ ਰਹੀ ਗੈਸਪਾਈਪ ਲਾਈਨ ਸਬੰਧੀ ਕੀਤੇ ਸਮਝੌਤੇ ਰੱਦ ਕਰੇ ਅਤੇ ਗੈਸ ਏਜੰਸੀਆਂ ਵਿੱਚ ਕੰਮ ਕਰ ਰਹੇ ਕਾਮਿਆਂ ਨੂੰ ਦਿੱਤੀ ਜਾ ਰਹੀ ਤਨਖਾਹ ’ਤੇ ਰੋਕ ਲਗਾ ਕੇ ਘੱਟੋ-ਘੱਟ ਉਜਰਤ ਡੀ.ਸੀ. ਰੇਟ ਅਧੀਨ ਲਿਆਂਦਾ ਜਾਵੇ। ਉਨ੍ਹਾਂ ਮੰਗ ਕੀਤੀ ਡਿਸਟ੍ਰੀਬਿਊਟਰਾਂ ਵੱਲੋਂ ਗੈਸ ਏਜੰਸੀਆਂ ਕਾਮਿਆਂ ਦਾ ਰਿਕਾਰਡ ਰੱਖਿਆ ਜਾਵੇ ਅਤੇ ਕਾਮਿਆਂ ਦਾ ਜਾਨੀ-ਮਾਲੀ ਨੁਕਸਾਨ ਹੋਣ ’ਤੇ ਉਨ੍ਹਾਂ ਦੇ ਪਰਿਵਾਰਾਂ ਦੀ ਵਿੱਤੀ ਮਦਦ ਕੀਤੀ ਜਾਵੇ।