ਪੱਤਰ ਪ੍ਰੇਰਕ
ਮੁਕੇਰੀਆਂ, 29 ਅਪਰੈਲ
ਕੁੱਲ ਹਿੰਦ ਕਿਸਾਨ ਸਭਾ ਵਲੋਂ ਸ਼ਾਹ ਨਹਿਰ ਦੇ ਗੇਟਾਂ ਦੀ ਮੁਰੰਮਤ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਤੋਂ ਬਾਅਦ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ਕੋਈ ਭ੍ਰਿਸ਼ਟਾਚਾਰ ਨਹੀਂ ਹੋਇਆ ਹੈ। ਗੇਟਾਂ ਦੀ ਮੁਰੰਮਤ ਤੋਂ ਬਾਅਦ ਵੀ ਪਾਣੀ ਛੱਡਣ ਮੌਕੇ ਵੱਡੀਆਂ ਖਾਮੀਆਂ ਸਾਹਮਣੇ ਆਉਂਦੀਆਂ ਹਨ ਜੋ ਟੈਸਟਿੰਗ ਤੇ ਕਮਿਸ਼ਨਿੰਗ ਰਾਹੀਂ ਦੂਰ ਹੁੰਦੀਆਂ ਹਨ। ਦੱਸਣਯੋਗ ਹੈ ਕਿ ਸ਼ਾਹ ਨਹਿਰ ਦੇ ਫੀਡਰਾਂ ਤੇ ਰਜਬਾਹਿਆਂ ਦੇ ਗੇਟਾਂ ਦੀ ਕਰੀਬ 1.09 ਕਰੋੜ ਦੀ ਲਾਗਤ ਨਾਲ ਮੁੜ ਮੁਰੰਮਤ ਤੋਂ ਬਾਅਦ ਵੀ ਗੇਟ ਨਾ ਖੁੱਲ੍ਹਣ ਤੇ ਕਿਸਾਨਾਂ ਦੀਆਂ ਫਸਲਾਂ ਨੂੰ ਪਾਣੀ ਨਾ ਮਿਲਣ ਦੇ ਦੋਸ਼ ਲਾਏ ਗਏ ਸਨ। ਸ਼ਾਹ ਨਹਿਰ ਹੈੱਡ ਵਰਕਸ ਤਲਵਾੜਾ ਦੇ ਐਕਸੀਅਨ ਵਿਨੈ ਕੁਮਾਰ ਨੇ ਕਿਹਾ ਕਿ ਨਵੇਂ ਗੇਟ ਲਗਾਉਣ ਤੇ ਗੇਟਾਂ ਦੀ ਮੁਰੰਮਤ ਤੋਂ ਬਾਅਦ ਉਨ੍ਹਾਂ ਦੀ ਟੈਸਟਿੰਗ ਤੇ ਕਮਿਸ਼ਨਿੰਗ ਕਰਵਾਈ ਜਾਣੀ ਹੁੰਦੀ ਹੈ ਜਿਹੜੀ ਕਿ ਪਾਣੀ ਛੱਡਣ ਮੌਕੇ ਕਰਵਾਈ ਗਈ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਕੁਝ ਖਾਮੀਆਂ ਸਾਹਮਣੇ ਆਈਆਂ ਸਨ ਤੇ ਉਹ ਸਬੰਧਤ ਏਜੰਸੀਆਂ ਨੂੰ ਹਦਾਇਤਾਂ ਕਰਕੇ ਠੀਕ ਕਰਵਾਈਆਂ ਗਈਆਂ ਅਤੇ ਕਰਵਾਈਆਂ ਜਾ ਰਹੀਆਂ ਹਨ। ਇਸ ਕੰਮ ਦੀ ਸਬੰਧਿਤ ਏਜੰਸੀਆਂ ਨੂੰ ਹਾਲੇ ਤਕ ਅਦਾਇਗੀ ਨਹੀਂ ਕੀਤੀ ਗਈ ਅਤੇ ਕੰਮ ਤਸੱਲੀਬਖਸ਼ ਹੋਣ ਉਪਰੰਤ ਹੀ ਅਦਾਇਗੀਆਂ ਕੀਤੀਆਂ ਜਾਣਗੀਆਂ। ਐਕਸੀਅਨ ਨੇ ਕਿਹਾ ਕਿ ਸ਼ਾਹ ਨਹਿਰ ਦੇ ਫੀਡਰ ਨੰਬਰ-2 ਦੀ ਉਸਾਰੀ ਮੌਕੇ ਉਸ ਦਾ ਗੇਟ ਲੈਵਲ ਮੁਕੇਰੀਆਂ ਹਾਈਡਲ ਨਹਿਰ ਨਾਲੋਂ ਉੱਚਾ ਹੋਣ ਕਾਰਨ ਇਸ ਵਿੱਚ ਪਹਿਲਾਂ ਹੀ ਪਾਣੀ ਘੱਟ ਆਉਂਦਾ ਹੈ ਅਤੇ ਪਹਿਲੀ ਟੈਸਟਿੰਗ ਦੌਰਾਨ ਇਸੇ ਫੀਡਰ ਦੇ ਗੇਟਾਂ ਵਿੱਚ ਸਮੱਸਿਆ ਆਈ ਸੀ ਜਿਹੜੀ ਕਿ ਹੁਣ ਦੂਰ ਕਰ ਕੇ ਇਸ ਵਿੱਚ ਪਾਣੀ ਛੱਡ ਦਿੱਤਾ ਗਿਆ ਹੈ।