ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ (ਮੁਹਾਲੀ), 3 ਜੁਲਾਈ
ਪੰਜਾਬ ਫ਼ਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ (ਪਫ਼ਟਾ) ਦਾ ਆਮ ਇਜਲਾਸ ਮੁਹਾਲੀ ਦੀ ਏਅਰਪੋਰਟ ਰੋਡ ’ਤੇ ਸਥਿਤ ਕਿਸਾਨ ਚੈਂਬਰ ਵਿਖੇ ਹੋਇਆ। ਇਸ ਵਿੱਚ ਐਸੋਸੀਏਸ਼ਨ ਦੇ ਸਮੁੱਚੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਰਬਸੰਮਤੀ ਨਾਲ ਐਸੋਸੀਏਸ਼ਨ ਦੀ ਨਵੀਂ ਚੋਣ ਕੀਤੀ ਗਈ, ਜਿਸ ’ਚ ਬਲਵਿੰਦਰ ਵਿੱਕੀ ਨੂੰ ਸਰਪ੍ਰਸਤ, ਗੁੱਗੂ ਗਿੱਲ ਨੂੰ ਚੇਅਰਮੈਨ ਅਤੇ ਪਦਮਸ੍ਰੀ ਅਦਾਕਾਰ ਨਿਰਮਲ ਰਿਸ਼ੀ ਨੂੰ ਪ੍ਰਧਾਨ ਚੁਣਿਆ ਗਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਤ ਰੌਣੀ ਨੇ ਦੋ ਸਾਲ ਦੀ ਕਾਰਗੁਜ਼ਾਰੀ ਅਤੇ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਗੁਰਪ੍ਰੀਤ ਘੁੱਗੀ ਨੇ ਐਸੋਸੀਏਸ਼ਨ ਦੇ ਕੰਮਾਂ ਅਤੇ ਲੋੜ ਸਬੰਧੀ ਜਾਣਕਾਰੀ ਦਿੱਤੀ। ਸੰਸਥਾ ਦੇ ਹੁਣ ਤੱਕ ਚੱਲੇ ਆ ਰਹੇ ਪ੍ਰਧਾਨ ਕਰਮਜੀਤ ਅਨਮੋਲ ਨੇ ਪਿਛਲੇ ਸਮੇਂ ਦੌਰਾਨ ਮਿਲੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ। ਸ਼ਿਵੇਂਦਰ ਮਾਹਲ ਨੇ ਸੰਸਥਾ ਦੇ ਇਤਿਹਾਸ ’ਤੇ ਚਾਨਣਾ ਪਾਇਆ। ਮੀਤ ਪ੍ਰਧਾਨ ਬੀਨੂੰ ਢਿਲੋਂ ਨੇ ਇਸ ਗੱਲ ਤੇ ਫ਼ਖਰ ਮਹਿਸੂਸ ਕੀਤਾ ਕਿ ਪੰਜਾਬੀ ਫ਼ਿਲਮ ਇੰਡਸਟਰੀ ਹੁਣ ਦੇਸ਼ ਦੀਆਂ ਖੇਤਰੀ ਭਾਸ਼ਾਵਾਂ ਵਾਲੀਆਂ ਫ਼ਿਲਮਾਂ ਨੂੰ ਬਰਾਬਰ ਦੀ ਟੱਕਰ ਦੇ ਰਹੀ ਹੈ। ਗੁਰਪ੍ਰੀਤ ਘੁੱਗੀ ਵੱਲੋਂ ਨਵੇਂ ਚੁਣੇ ਗਏ ਉਪਰੋਕਤ ਅਹੁਦੇਦਾਰਾਂ ਦੇ ਨਾਲ-ਨਾਲ ਮੀਤ ਪ੍ਰਧਾਨ ਬੀਨੂੰ ਢਿਲੋਂ, ਜਨਰਲ ਸਕੱਤਰ ਬੀਐਨ ਸ਼ਰਮਾ, ਵਿੱਤ ਸਕੱਤਰ ਭਾਰਤ ਭੂਸ਼ਣ ਸ਼ਰਮਾ, ਪ੍ਰੈਸ ਸਕੱਤਰ ਸ਼ਿਵੇਂਦਰ ਮਾਹਲ, ਸਹਾਇਕ ਸਕੱਤਰ ਰਾਜ ਧਾਲੀਵਾਲ, ਸਹਾਇਕ ਵਿੱਤ ਸਕੱਤਰ ਪਰਮਜੀਤ ਸਿੰਘ ਭੰਗੂ, ਈਵੈਂਟ ਆਰਗੇਨਾਈਜ਼ਰ ਪੂਨਮ ਸੂਦ, ਨਵੇਂ ਮੈਂਬਰਾਂ ਵਜੋਂ ਬਨਿੰਦਰ ਬਨੀ ਅਤੇ ਦੀਦਾਰ ਗਿੱਲ ਦਾ ਨਾਮ ਪੇਸ਼ ਕੀਤਾ, ਜਿਸ ਨੂੰ ਸਾਰਿਆਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਇਸ ਮੌਕੇ ਇੱਕ ਸਲਾਹਕਾਰ ਕਮੇਟੀ ਵੀ ਬਣਾਈ ਗਈ ਜਿਸ ’ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਸੁਨੀਤਾ ਧੀਰ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਵਿਨੋਦ ਸ਼ਰਮਾ, ਸੰਜੂ ਸੋਲੰਕੀ, ਨਵਦੀਪ ਕੌਰ ਨੀਲੂ, ਇਹਾਨਾ ਢਿਲੋਂ ਆਦਿ ਸ਼ਾਮਲ ਕੀਤੇ ਗਏ। ਇਸ ਮੌਕੇ ਪ੍ਰਕਾਸ਼ ਗਾਧੂ, ਪਰਵਿੰਦਰ ਸ਼ਰਮਾ, ਤੇਜਿੰਦਰ ਤੂਰ, ਨਿਰਭੈ ਧਾਲੀਵਾਲ, ਹਰਿਵੰਦਰ ਔਜਲਾ, ਇਕੱਤਰ ਸਿੰਘ, ਜਸਗੁਣ ਕੌਰ, ਪ੍ਰੀਤੀ ਜੈਨ, ਅਨੀਤਾ ਸਬਦੀਸ਼, ਮਨਦੀਪ ਦੀਪ, ਅਨੀਤਾ ਧੰਨਾ, ਪ੍ਰਭਜੋਤ ਕੌਰ, ਸੰਗੀਤਕਾਰ ਜੈਦੇਵ ਕੁਮਾਰ, ਭੁਪਿੰਦਰ ਬਰਨਾਲਾ, ਅਮਨ ਜੌਹਲ ਆਦਿ ਵੀ ਹਾਜ਼ਰ ਸਨ।