ਪਾਲ ਸਿੰਘ ਨੌਲੀ
ਜਲੰਧਰ, 21 ਅਪਰੈਲ
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਇੱਥੇ ਗ਼ਦਰ ਪਾਰਟੀ ਦਾ 108ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਦੌਰਾਨ ਬੁਲਾਰਿਆਂ ਨੇ ਆਜ਼ਾਦ, ਧਰਮ ਨਿਰਪੱਖ, ਜਮਹੂਰੀ ਅਤੇ ਸਾਂਝੀਵਾਲਤਾ ਭਰਿਆ ਸਮਾਜ ਸਿਰਜਣ ਦੀ ਲੋੜ ’ਤੇ ਜ਼ੋਰ ਦਿੱਤਾ। ਕਮੇਟੀ ਮੈਂਬਰ ਮਨਜੀਤ ਸਿੰਘ ਬਾਸਰਕੇ ਨੇ 21 ਅਪਰੈਲ 1913 ਨੂੰ ਅਮਰੀਕਾ ’ਚ ਬਣੀ ਗ਼ਦਰ ਪਾਰਟੀ ਦਾ ਝੰਡਾ ਲਹਿਰਾਇਆ।
ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਬਾਸਰਕੇ ਨੇ ਕਿਹਾ ਕਿ ਗ਼ਦਰ ਪਾਰਟੀ ਦਾ ਮਕਸਦ ਵਿਦੇਸ਼ੀ ਅਤੇ ਦੇਸ਼ੀ ਦੋਹਾਂ ਤਰ੍ਹਾਂ ਦੀ ਗ਼ੁਲਾਮੀ, ਪਾੜੇ, ਵਿਤਕਰੇ ਅਤੇ ਜ਼ਬਰ-ਜ਼ੁਲਮ ਦੀ ਜੜ੍ਹ ਵੱਢਣਾ ਸੀ। ਇਹ ਟੀਚੇ ਨਾ ਪੂਰੇ ਹੋਣ ਕਾਰਨ ਹੀ ਕਿਰਤ ਅਤੇ ਖੇਤੀ ਸਬੰਧੀ ਕਾਨੂੰਨ ਜਬਰੀ ਮੜ੍ਹੇ ਜਾ ਰਹੇ ਹਨ। ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ ਨੇ ਗ਼ਦਰ ਪਾਰਟੀ ਦੇ ਇਤਿਹਾਸਕ ਸਫ਼ਰ ਦੇ ਮਹੱਤਵਪੂਰਨ ਪੜਾਵਾਂ ਬਾਰੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਨਸਲੀ ਵਿਤਕਰੇ ਅਤੇ ਜ਼ਿਹਨੀ ਗ਼ੁਲਾਮੀ ਦੀਆਂ ਜ਼ੰਜੀਰਾਂ ਖ਼ਿਲਾਫ਼ ਲੜ ਕੇ ਹੀ ਗ਼ਦਰੀ ਸੰਗਰਾਮੀਆਂ ਨੇ ਆਪਣੇ ਸਵੈਮਾਣ ਲਈ ਰਾਹ ਖੋਲ੍ਹਿਆ। ਮੀਤ ਪ੍ਰਧਾਨ ਸੀਤਲ ਸਿੰਘ ਸੰਘਾ ਨੇ ਕਿਹਾ ਕਿ ਗ਼ਦਰ ਪਾਰਟੀ ਵਿੱਚ ਧਰਮ ਹਰ ਵਿਅਕਤੀ ਦਾ ਨਿੱਜੀ ਮਾਮਲਾ ਸੀ। ਉਹ ਆਜ਼ਾਦੀ ਸੰਗਰਾਮੀਏ ਸਨ, ਜੋ ਧਰਮ ਦੇ ਆਧਾਰ ’ਤੇ ਕਿਸੇ ਕਿਸਮ ਦੇ ਵੀ ਰਾਜ ਦਾ ਡਟ ਕੇ ਵਿਰੋਧ ਕਰਦੇ ਸਨ। ਮਾਨਵਤਾ ਹੀ ਉਨ੍ਹਾਂ ਦਾ ਧਰਮ ਸੀ।
ਮੰਗਤ ਰਾਮ ਪਾਸਲਾ ਨੇ ਕਿਹਾ ਕਿ ਗ਼ਦਰ ਪਾਰਟੀ ਦਾ ਸਥਾਪਨਾ ਦਿਹਾੜਾ ਉਸ ਮੌਕੇ ਮਨਾਇਆ ਜਾ ਰਿਹਾ ਹੈ ਜਦੋਂ ਮੁਲਕ ਦੇ ਹਾਕਮਾਂ ਦੀ ਸਾਮਰਾਜੀਆਂ ਨਾਲ ਦੋਸਤੀ ਦਾ ਸ਼ਰੇਆਮ ਖੁਲਾਸਾ ਹੋ ਰਿਹਾ ਹੈ। ਪ੍ਰਿਥੀਪਾਲ ਮਾੜੀਮੇਘਾ ਨੇ ਕਿਹਾ ਕਿ ਗ਼ਦਰ ਪਾਰਟੀ ਦੀ ਸੋਚ, ਕਿਸਾਨ ਸੰਘਰਸ਼ ਵਿੱਚ ਧੜਕਦੀ ਹੈ। ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਨਾਮਧਾਰੀ ਮੁਖੀ ਨਾਲ ਚੜ੍ਹਦੀ ਉਮਰੇ ਸੋਹਣ ਸਿੰਘ ਭਕਨਾ ਦੀ ਨਿੱਕੀ ਜਿਹੀ ਮੁਲਾਕਾਤ ਇਹ ਦਰਸਾਉਂਦੀ ਹੈ ਕਿ ਵਿਚਾਰਧਾਰਕ ਅਤੇ ਸ਼ਖਸੀਅਤ ਦੇ ਜੀਵਨ ਸਫ਼ਰ ’ਚ ਤਬਦੀਲੀ ਵਿਚਾਰਾਂ ਅਤੇ ਅਮਲਾਂ ਦੇ ਸੁਮੇਲ ਨਾਲ ਹੁੰਦੀ ਹੈ। ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਨੇ ਕਿਹਾ ਕਿ ਕਿਸਾਨ-ਮਜ਼ਦੂਰ ਅੰਦੋਲਨ ਵਿੱਚ ਔਰਤਾਂ ਨੇ ਭਰਵਾਂ ਯੋਗਦਾਨ ਪਾ ਕੇ ਗ਼ਦਰ ਪਾਰਟੀ ਦੀ ਵਿਰਾਸਤ ਬੁਲੰਦ ਕੀਤੀ ਹੈ। ਸੁਰਿੰਦਰ ਕੁਮਾਰੀ ਕੋਛੜ ਨੇ ਏਕਤਾ ਕਾਇਮ ਰੱਖਣ ਦੀ ਅਪੀਲ ਕੀਤੀ। ਲੋਕ ਸੰਗੀਤ ਮੰਡਲੀ ਮਸਾਣੀ ਦੇ ਨਿਰਦੇਸ਼ਕ ਧਰਮਿੰਦਰ ਮਸਾਣੀ ਨੇ ਸੰਤ ਰਾਮ ਉਦਾਸੀ ਦਾ ਗੀਤ ਗਾ ਕੇ ਇਨਕਲਾਬੀ ਕਵੀ ਨੂੰ ਯਾਦ ਕੀਤਾ।
ਖੇਤੀ ਕਾਨੂੰਨਾਂ, ਜੱਲ੍ਹਿਆਂਵਾਲਾ ਬਾਗ ਤੇ ਫ਼ਿਰੋਜ਼ਪੁਰ ਯਾਦਗਾਰ ਸਬੰਧੀ ਮਤੇ ਪਾਸ
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਜੱਲ੍ਹਿਆਂਵਾਲਾ ਬਾਗ਼ ਨੂੰ ਲੋਕਾਂ ਲਈ ਖੋਲ੍ਹਣ, ਕਿਰਤ ਅਤੇ ਖੇਤੀ ਕਾਨੂੰਨ ਰੱਦ ਕਰਨ ਅਤੇ ਫ਼ਿਰੋਜ਼ਪੁਰ ਵਿੱਚ ਸ਼ਹੀਦ ਭਗਤ ਸਿੰਘ ਦੇ ਇਤਿਹਾਸਕ ਸਥਾਨ ਨੂੰ ਕੌਮੀ ਵਿਰਾਸਤ ਦੇ ਮਿਊਜ਼ੀਅਮ ਦੇ ਤੌਰ ’ਤੇ ਸੰਭਾਲਣ ਸਬੰਧੀ ਤਿੰਨ ਮਤੇ ਪਾਸ ਕੀਤੇ। ਕਮੇਟੀ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਗ਼ਦਰ ਪਾਰਟੀ ਦੇ ਉਦੇਸ਼ਾਂ, ਇਤਿਹਾਸ ਅਤੇ ਕੁਰਬਾਨੀਆਂ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ। ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।