ਜਗਮੋਹਨ ਸਿੰਘ
ਘਨੌਲੀ, 13 ਅਗਸਤ
ਅੱਜ ਇਥੇ ਸਤਸੰਗ ਭਵਨ ਘਨੌਲੀ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਕਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਵੈਕਸੀਨੇਸ਼ਨ ਸਰਟੀਫਿਕੇਟ ਦੀ ਜ਼ਰੂਰਤ ਵਧਣ ਨਾਲ ਹੀ ਕੈਂਪਾਂ ਵਿੱਚ ਲੋਕਾਂ ਦੀ ਭੀੜ ਵਧਣ ਲੱਗੀ ਹੈ ਅਤੇ ਸਿਹਤ ਵਿਭਾਗ ਵੱਲੋਂ ਕਰੋਨਾ ਵੈਕਸੀਨ ਦੇ ਪ੍ਰਬੰਧ ਲੋਕਾਂ ਦੀ ਭੀੜ ਅੱਗੇ ਨਿਗੂਣੇ ਪੈਣ ਲੱਗੇ। ਅੱਜ ਇੱਥੇ ਰਾਧਾ ਸਵਾਮੀ ਸਤਸੰਗ ਭਵਨ ਵਿਖੇ ਵੀ ਭਵਨ ਦੀ ਚਾਰਦੀਵਾਰੀ ਦੇ ਅੰਦਰ ਅਤੇ ਬਾਹਰ ਸਵੇਰ ਵੇਲੇ ਹੀ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਅਤੇ ਸਿਹਤ ਵਿਭਾਗ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਪ੍ਰਬੰਧਕਾਂ ਵੱਲੋਂ ਲੋਕਾਂ ਦੇ ਬੈਠਣ ਲਈ ਲਗਾਈਆਂ ਕੁਰਸੀਆਂ ਭਰਨ ਤੋਂ ਬਾਅਦ ਗੇਟ ਦੇ ਬਾਹਰ ਵੀ ਲੰਬੀ ਲਾਈਨ ਲੱਗ ਚੁੱਕੀ ਸੀ। ਸਤਸੰਗ ਭਵਨ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਿਹਤ ਵਿਭਾਗ ਨੂੰ ਘੱਟੋ ਘੱਟ 500 ਵੈਕਸੀਨ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਸੀ ਪਰ ਟੀਮ ਮੌਕੇ ’ਤੇ ਸਿਰਫ 250 ਕੋਵੈਕਸੀਨ ਅਤੇ 100 ਕੋਵਿਡਸ਼ੀਲਡ ਟੀਕੇ ਲੈ ਕੇ ਹੀ ਪੁੱਜੀ। ਪ੍ਰਬੰਧਕਾਂ ਦੇ ਜ਼ੋਰ ਪਾਉਣ ’ਤੇ ਸਿਹਤ ਵਿਭਾਗ ਦੀ ਟੀਮ ਨੇ ਇੱਧਰੋਂ ਉੱਧਰੋਂ ਪ੍ਰਬੰਧ ਕਰਕੇ 361 ਵਿਅਕਤੀਆਂ ਨੂੰ ਕਰੋਨਾ ਵੈਕਸੀਨ ਦੇ ਟੀਕੇ ਲਗਾਏ। ਇਸ ਮੌਕੇ ਤੇ ਡਾ. ਕੁਨਾਲ ਸ਼ਰਮਾ, ਹੈਲਥ ਇੰਸਪੈਕਟਰ ਜਸਵਿੰਦਰ ਸਿੰਘ ਅਤੇ ਸਿਹਤ ਵਿਭਾਗ ਦੇ ਹੋਰ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਤਸੰਗ ਭਵਨ ਦੇ ਸੇਵਾਦਾਰ ਲੋਕਾਂ ਦੀ ਸੇਵਾ ਅਤੇ ਸਿਹਤ ਵਿਭਾਗ ਦੀ ਟੀਮ ਦੀ ਸਹਾਇਤਾ ਲਈ ਹਾਜ਼ਰ ਸਨ। ਅੱਜ ਬਾਅਦ ਦੁਪਹਿਰ ਤੱਕ ਸਤਸੰਗ ਭਵਨ ਦੇ ਗੇਟ ਦੇ ਬਾਹਰ ਕੜਕਦੀ ਧੁੱਪ ਵਿੱਚ ਲੋਕ ਆਪਣੀ ਵਾਰੀ ਆਉਣ ਦਾ ਇੰਤਜ਼ਾਰ ਕਰਦੇ ਰਹੇ। ਇਨ੍ਹਾਂ ਵਿੱਚੋਂ ਕੁੱਝ ਲੋਕਾਂ ਨੇ ਧੁੱਪ ਤੋਂ ਬਚਾਅ ਲਈ ਹੱਥਾਂ ਵਿੱਚ ਛਤਰੀਆਂ ਵੀ ਫੜੀਆਂ ਹੋਈਆਂ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਲਗਭਗ ਦੋ ਤਿਹਾਈ ਤੋਂ ਵਧੇਰੇ ਲੋਕਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ। ਸਤਸੰਗ ਭਵਨ ਦੇ ਪ੍ਰਬੰਧਕਾਂ ਵੱਲੋਂ ਲੋਕਾਂ ਲਈ ਚਾਹ, ਪਾਣੀ ਅਤੇ ਬਿਸਕੁਟਾਂ ਦੇ ਅਤੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ।