ਜਗਮੋਹਨ ਸਿੰਘ
ਘਨੌਲੀ, 3 ਅਗਸਤ
ਇੱਥੇ ਘਨੌਲੀ-ਨਾਲਾਗੜ੍ਹ ਸੜਕ ਦੀ ਖਸਤਾ ਹਾਲਤ ਖ਼ਿਲਾਫ਼ ਲੋਕਾਂ ਨੇ ਸੜਕ ਜਾਮ ਕਰ ਕੇ ਪੰਜਾਬ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ। ਇਸ ਮੌਕੇ ਕਾ. ਦਲੀਪ ਸਿੰਘ ਘਨੌਲਾ, ਸਰਵਣ ਸਿੰਘ ਸਰਪੰਚ ਬਿੱਕੋਂ, ਬਚਿੱਤਰ ਸਿੰਘ ਸੈਣੀਮਾਜਰਾ, ਸੁਖਵਿੰਦਰ ਸਿੰਘ ਸਾਹੋਮਾਜਰਾ, ਸਰਬਜੀਤ ਸਿੰਘ, ਘਨੌਲਾ ਅਤੇ ਪੰਚਾਇਤ ਮੈਂਬਰ ਬਹਾਦਰ ਸਿੰਘ ਬਿੱਕੋਂ ਦੀ ਅਗਵਾਈ ਹੇਠ ਲੋਕਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਸੂਚਨਾ ਮਿਲਦਿਆਂ ਹੀ ਵਿਧਾਇਕ ਅਮਰਜੀਤ ਸਿੰਘ ਸੰਦੋਆ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਸਰਕਲ ਪ੍ਰਧਾਨ ਰਵਿੰਦਰ ਸਿੰਘ ਕਾਲਾ, ਅਕਾਲੀ ਆਗੂ ਦਲਜੀਤ ਸਿੰਘ ਭੁੱਟੋ, ‘ਆਪ’ ਆਗੂ ਦਿਨੇਸ਼ ਚੱਢਾ ਤੇ ਗੁਰਮੇਲ ਸਿੰਘ ਥਲੀ ਪਹੁੰਚੇ, ਪਰ ਧਰਨਾਕਾਰੀਆਂ ਨੇ ਕਿਸੇ ਵੀ ਸਿਆਸੀ ਆਗੂ ਨੂੰ ਮਾਈਕ ਫੜਨ ਦਾ ਮੌਕਾ ਨਾ ਦਿੱਤਾ। ਇਸ ਮੌਕੇ ਦਲੀਪ ਸਿੰਘ ਘਨੌਲਾ, ਜਰਨੈਲ ਸਿੰਘ ਪਟਵਾਰੀ, ਬਲਵਿੰਦਰ ਸਿੰਘ ਅਸਮਾਨਪੁਰ, ਪਵਨ ਕੁਮਾਰ ਚੱਕ ਕਰਮਾ, ਜਗਦੀਪ ਕੌਰ ਢੱਕੀ ਤੇ ਸਤਨਾਮ ਸਿੰਘ ਮਾਜਰੀ ਜੱਟਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਬੀਬੀਐਨ ਖੇਤਰ ਵਿੱਚ ਲੱਗੀਆਂ ਫੈਕਟਰੀਆਂ ਦੀਆਂ ਗੱਡੀਆਂ ਜਿੱਥੇ ਇਸ ਸੜਕ ਰਾਹੀਂ ਲੰਘਦੀਆਂ ਹਨ, ਉੱਥੇ ਇਨ੍ਹਾਂ ਫੈਕਟਰੀਆਂ ਵਿੱਚ ਕੰਮ ਕਰਦੇ ਲੋਕ ਵੀ ਇਸੇ ਸੜਕ ਰਾਹੀਂ ਲੰਘਦੇ ਹਨ, ਜਿਸ ਕਰਕੇ ਸੜਕ ’ਤੇ ਹਰ ਸਮੇਂ ਭਾਰੀ ਆਵਾਜਾਈ ਰਹਿੰਦੀ ਹੈ, ਪਰ ਇਸ ਦੇ ਬਾਵਜੂਦ ਜਦੋਂ ਵੀ ਸੜਕ ਬਣਾਈ ਜਾਂਦੀ ਹੈ ਤਾਂ ਘਟੀਆ ਮਟੀਰੀਅਲ ਕਾਰਨ ਥੋੜ੍ਹੀ ਦੇਰ ਬਾਅਦ ਹੀ ਟੁੱਟ ਜਾਂਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਜਲਦੀ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਐੱਸਡੀਐੱਮ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ
ਐੱਸਡੀਐੱਮ ਪੀਡਬਲਿਯੂਡੀ ਮਹਿਕਮੇ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਮੀਟਿੰਗ ਕਰ ਕੇ ਵਿਸ਼ਵਾਸ ਦਿਵਾਇਆ ਕਿ ਸੜਕ ’ਤੇ ਪਏ ਟੋਇਆਂ ਨੂੰ ਪੂਰਨ ਦਾ ਕੰਮ ਭਲਕ ਤੋਂ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ 20 ਅਕਤੂਬਰ ਤੋਂ ਬਾਅਦ ਨਵੀਂ ਸੜਕ ਬਣਾਈ ਜਾਵੇਗੀ ਜਿਸ ਮਗਰੋਂ ਲੋਕਾਂ ਨੇ ਧਰਨਾ ਸਮਾਪਤ ਕਰ ਦਿੱਤਾ।