ਪਰਮਜੀਤ ਸਿੰਘ
ਫਾਜ਼ਿਲਕਾ, 3 ਜੁਲਾਈ
ਪਿੰਡ ਖੂਈਖੇੜਾ ਵਿੱਚ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਪੁੱਜੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਅਤੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਇੱਕ ਪੰਚਾਇਤ ਮੈਂਬਰ ਵੱਲੋਂ ਸਵਾਲ ਪੁੱਛਣ ’ਤੇ ਵਿਧਾਇਕ ਦੇ ਗੰਨਮੈਨ ਨੇ ਉਸ ਨੂੰ ਥੱਪੜ ਮਾਰ ਦਿੱਤਾ, ਜਿਸ ਮਗਰੋਂ ਸਥਿਤੀ ਤਣਾਅਪੂਰਨ ਬਣ ਗਈ। ਘਟਨਾ ਮਗਰੋਂ ਪਿੰਡ ਵਾਸੀਆਂ ਨੇ ਕੌਮੀ ਮਾਰਗ ਜਾਮ ਕਰ ਦਿੱਤਾ। ਪੁਲੀਸ ਨੇ ਪਿੰਡ ਖੂਈਖੇੜਾ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ।
ਪਿੰਡ ਵਾਸੀ ਜੁੰਗਨੂ ਅਤੇ ਹੋਰਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਸਮੇਂ ਦੌਰਾਨ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਇੱਕ ਵਾਰ ਵੀ ਪਿੰਡ ਖੂਈਖੇੜਾ ਦੇ ਵਾਸੀਆਂ ਦਾ ਹਾਲ ਜਾਣਨ ਨਹੀਂ ਆਏ। ਅੱਜ ਜਦੋਂ ਪਿੰਡ ਵਾਸੀ ਉਨ੍ਹਾਂ ਤੋਂ ਇਸ ਸਬੰਧੀ ਸਵਾਲ ਪੁੱਛਣ ਲੱਗੇ ਤਾਂ ਵਿਧਾਇਕ ਅਤੇ ਉਸ ਦੇ ਸਮਰਥਕ ਤੈਸ਼ ਵਿੱਚ ਆ ਗਏ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਜਿਹੜੇ ਵਿਕਾਸ ਕਾਰਜ ਦਾ ਵਿਧਾਇਕ ਨੀਂਹ ਪੱਥਰ ਰੱਖਣ ਆਏ ਸਨ, ਉਹ ਪੈਸਾ ਕੇਂਦਰ ਸਰਕਾਰ ਦਾ ਹੈ, ਜੋ ਪਿੰਡ ਦੇ ਫੌਤ ਹੋ ਚੁੱਕੇ ਸਰਪੰਚ ਭੋਮਾ ਰਾਮ ਵੱਲੋਂ ਖਰਚ ਕਰਵਾਇਆ ਗਿਆ ਸੀ, ਜਦਕਿ ਵਿਧਾਇਕ ਘੁਬਾਇਆ ਨੇ ਇੱਕ ਰੁਪਇਆ ਵੀ ਨਹੀਂ ਦਿੱਤਾ। ਪੰਚਾਇਤ ਮੈਂਬਰ ਸੁਨੀਲ ਕੁਮਾਰ ਵਿੱਕੀ ਵੱਲੋਂ ਸਵਾਲ ਪੁੱਛਣ ’ਤੇ ਵਿਧਾਇਕ ਘੁਬਾਇਆ ਦੇ ਗੰਨਮੈਨ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀ ਗੁੱਸੇ ’ਚ ਆ ਗਏ ਅਤੇ ਉਨ੍ਹਾਂ ਨੇ ਵਿਧਾਇਕ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕੌਮੀ ਮਾਰਗ ਜਾਮ ਕਰ ਦਿੱਤਾ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਜਦੋਂ ਤੱਕ ਵਿਧਾਇਕ ਅਤੇ ਉਸ ਦੇ ਸਮਰਥਕ ਲੋਕਾਂ ਦੀ ਸੱਥ ਵਿੱਚ ਮੁਆਫ਼ੀ ਨਹੀਂ ਮੰਗਦੇ, ਉਹ ਜਾਮ ਨਹੀਂ ਖੋਲ੍ਹਣਗੇ।
ਇਸ ਸਬੰਧੀ ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ ਨਾਲ ਵਾਰ ਵਾਰ ਗੱਲ ਕਰਨੀ ਚਾਹੀ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਮਗਰੋਂ ਉਨ੍ਹਾਂ ਤਰਫ਼ੋਂ ਉਨ੍ਹਾਂ ਦੇ ਪੀਏ ਰਾਜ ਸਿੰਘ ਨੇ ਕਿਹਾ ਕਿ ਉਹ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਗਏ ਸਨ ਪਰ ਉਨ੍ਹਾਂ ਦੀ ਲੋਕਪ੍ਰਿਅਤਾ ਤੋਂ ਪ੍ਰੇਸ਼ਾਨ ਕੁਝ ਲੋਕ ਵਿਰੋਧ ਕਰ ਰਹੇ ਹਨ।