ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਅਕਤੂਬਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਕਿਸਤਾਨੀ ਪੱਤਰਕਾਰ ਆਰੂਸਾ ਆਲਮ ਦੇ ਸਬੰਧਾਂ ਬਾਰੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮਗਰੋਂ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਪੁਲੀਸ ਵਿਭਾਗ ਵਿੱਚ ਵੱਡੇ ਤਬਾਦਲਿਆਂ ਲਈ ਆਰੂਸਾ ਆਲਮ ਨੂੰ ਕਥਿਤ ਤੌਰ ’ਤੇ ‘ਤੋਹਫੇ ਅਤੇ ਅਟੈਚੀ’ ਦਿੱਤੇ ਜਾਂਦੇ ਸਨ। ਉਹ ਅੱਜ ਇੱਥੇ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਲਈ ਪੁੱਜੇ ਸਨ। ਮੀਡੀਆ ਨਾਲ ਗੱਲ ਕਰਦਿਆਂ ਡਾ. ਸਿੱਧੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਰੂਸਾ ਆਲਮ ਦੀਆਂ ਸੋਨੀਆ ਗਾਂਧੀ ਨਾਲ ਮਿਲਣ ਦੀਆਂ ਜੋ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਉਹ ਉਸ ਵੇਲੇ ਦੀਆਂ ਸਨ, ਜਦੋਂ ਉਹ ਪੱਤਰਕਾਰ ਸੀ ਅਤੇ ਪੱਤਰਕਾਰ ਸਿਆਸੀ ਆਗੂਆਂ ਨੂੰ ਮਿਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਆਰੂਸਾ ਦੇ ਪੰਜਾਬ ਆਉਣ ’ਤੇ ਉਸ ਸਮੇਂ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਕਾਰਵਾਈ ਕਰਨੀ ਚਾਹੀਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਵਿਭਾਗ ’ਚ ਵੱਡੇ ਅਹੁਦਿਆਂ ਲਈ ਹੁੰਦੇ ਤਬਾਦਲੇ ਅਤੇ ਨਿਯੁਕਤੀਆਂ ਵਾਸਤੇ ਪਾਕਿਸਤਾਨੀ ਔਰਤ ਨੂੰ ਕਥਿਤ ‘ਤੋਹਫੇ ਅਤੇ ਅਟੈਚੀ’ ਦਿੱਤੇ ਜਾਂਦੇ ਸਨ, ਕੋਈ ਵੀ ਨਵੀਂ ਨਿਯੁਕਤੀ ਕਥਿਤ ‘ਅਟੈਚੀ’ ਤੋਂ ਬਿਨਾਂ ਨਹੀਂ ਹੁੰਦੀ ਸੀ। ਬੀਬੀ ਸਿੱਧੂ ਨੇ ਦੋਸ਼ ਲਾਇਆ ਕਿ ਅਕਾਲੀ ਵੀ ਉਸ ਨੂੰ ਮਿਲਣ ਜਾਣ ਵੇਲੇ ਕਥਿਤ ਹੀਰਿਆਂ ਦੇ ਸੈੱਟ ਲੈ ਕੇ ਜਾਂਦੇ ਸਨ।