ਮੰਡੀ ਗੋਬਿੰਦਗੜ੍ਹ (ਡਾ. ਹਿਮਾਂਸ਼ੂ ਸੂਦ): ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲੀਸ ਨੇ ਮਾਪਿਆਂ ਵੱਲੋਂ ਹੀ ਅਗਵਾ ਕੀਤੀ ਆਪਣੀ ਸ਼ਾਦੀਸ਼ੁਦਾ ਲੜਕੀ ਨੂੰ ਕੁਝ ਹੀ ਘੰਟਿਆਂ ਵਿਚ ਬਰਾਮਦ ਕਰਕੇ ਉਸ ਦੇ ਪਤੀ ਹਵਾਲੇ ਕਰ ਦਿੱਤਾ ਹੈ। ਪੁਲੀਸ ਨੇ ਦੱਸਿਆ ਕਿ ਹਰਮਨ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ ਦੇ ਬਿਆਨਾਂ ’ਤੇ ਪੁਲੀਸ ਨੇ ਇਕ ਔਰਤ ਸਮੇਤ 6 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਦਾ ਆਸਮਾ ਬਾਨੋ ਪੁੱਤਰੀ ਸਿਆਜ ਅਹਿਮਦ ਵਾਸੀ ਪਿੰਡ ਪੰਜਰਾਉ ਥਾਣਾ ਕਰਾਲਪੁਰਾ ਕਸ਼ਮੀਰ ਨਾਲ ਗੁਰਦੁਆਰਾ ਪਾਤਸ਼ਾਹੀ ਦਸਵੀਂ ਸਿੰਘਪੁਰਾ ਵਿਚ 12 ਫ਼ਰਵਰੀ 2021 ਨੂੰ ਵਿਆਹ ਹੋਇਆ ਸੀ। ਉਹ ਚੰਡੀਗੜ੍ਹ ਕਿਸੇ ਕੰਮ ਗਿਆ ਸੀ ਅਤੇ ਘਰ ਦੇ ਕਮਰੇ ਵਿਚ ਉਸ ਦੀ ਪਤਨੀ ਇਕੱਲੀ ਸੀ। ਉਸ ਨੂੰ ਰਿਸ਼ਤੇਦਾਰਾਂ ਨੇ ਫ਼ੋਨ ’ਤੇ ਦੱਸਿਆ ਕਿ ਉਸ ਦੀ ਪਤਨੀ ਨੂੰ ਉਸ ਦੇ ਮਾਪੇ ਜਬਰੀ ਆਪਣੇ ਨਾਲ ਲੈ ਗਏ ਹਨ। ਇਸ ਸਬੰਧ ਵਿੱਚ ਹਰਮਨ ਸਿੰਘ ਦੇ ਬਿਆਨਾਂ ’ਤੇ ਸਿਆਜ ਅਹਿਮਦ, ਰਸੀਲਾ ਬੇਗਮ, ਸਬੀਰ ਅਹਿਮਦ, ਮੁਹੰਮਦ ਸਫ਼ੀ, ਸਬੀਰ ਅਹਿਮਦ ਸਾਰੇ ਵਾਸੀ ਪੰਜਰਾਉ ਕਸ਼ਮੀਰ ਅਤੇ ਹਾਜੀ ਗੁਲਾਮ ਕਾਦਰ ਵਾਸੀ ਜ਼ਿਲ੍ਹਾ ਕੁਪਵਾੜਾ ਖਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਕੁਝ ਘੰਟਿਆਂ ਵਿਚ ਹੀ ਕਾਬੂ ਕਰਕੇ ਲੜਕੀ ਬਰਾਮਦ ਕਰ ਲਈ। ਬਾਅਦ ਵਿਚ ਲੜਕੀ ਨੂੰ ਮੋਹਤਬਰਾਂ ਦੀ ਹਾਜ਼ਰੀ ਵਿਚ ਉਸ ਦੇ ਪਤੀ ਹਰਮਨ ਸਿੰਘ ਅਤੇ ਉਸ ਦੇ ਪਰਿਵਾਰਕ ਮੈਬਰਾਂ ਹਵਾਲੇ ਕਰ ਦਿੱਤਾ।