ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 8 ਜੂਨ
ਮੁਹਾਲੀ ਵਿੱਚ ਇੱਕ ਨੌਜਵਾਨ ਨੇ ਵਿਆਹ ਤੋਂ ਇਨਕਾਰ ਕਰਨ ’ਤੇ ਦਫ਼ਤਰ ਜਾ ਰਹੀ ਇੱਕ ਲੜਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਘਟਨਾ ਇੱਥੋਂ ਦੇ ਫੇਜ਼-5 ਅਤੇ ਸਨਅਤੀ ਏਰੀਆ ਨੂੰ ਵੰਡਦੀ ਮੁੱਖ ਸੜਕ ’ਤੇ ਗੁਰਦੁਆਰਾ ਸਾਹਿਬਵਾੜਾ ਪਾਤਸ਼ਾਹੀ ਨੌਵੀਂ ਸਾਹਮਣੇ ਵਾਪਰੀ। ਮ੍ਰਿਤਕਾ ਦੀ ਪਛਾਣ ਬਲਜਿੰਦਰ ਕੌਰ ਵਾਸੀ ਪਿੰਡ ਫਤਿਹਪੁਰ ਜੱਟਾਂ (ਫਤਹਿਗੜ੍ਹ ਸਾਹਿਬ) ਵਜੋਂ ਹੋਈ ਹੈ। ਉਹ ਕਾਲ ਸੈਂਟਰ ਵਿੱਚ ਨੌਕਰੀ ਕਰਦੀ ਸੀ।
ਬਲਜਿੰਦਰ ਕੌਰ ਅੱਜ ਸਵੇਰੇ ਦਫ਼ਤਰ ਜਾ ਰਹੀ ਸੀ ਤਾਂ ਨੌਜਵਾਨ ਨੇ ਉਸ ’ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਬਲਜਿੰਦਰ ਨੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰ ਲਗਾਤਾਰ ਉਸ ’ਤੇ ਵਾਰ ਕਰਦਾ ਰਿਹਾ ਜਿਸ ਕਾਰਨ ਉਹ ਡਿੱਗ ਗਈ। ਹਾਲਾਂਕਿ ਸੜਕ ਦੇ ਦੋਵੇਂ ਪਾਸੇ ਰਾਹਗੀਰ ਵੀ ਲੰਘ ਰਹੇ ਸੀ ਪਰ ਕਿਸੇ ਨੇ ਵੀ ਲੜਕੀ ਨੂੰ ਛੁਡਾਉਣ ਦਾ ਯਤਨ ਨਹੀਂ ਕੀਤਾ। ਇਸ ਦੌਰਾਨ ਲੜਕੀ ਨੇ ਤੜਪ-ਤੜਪ ਕੇ ਸੜਕ ’ਤੇ ਹੀ ਦਮ ਤੋੜ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ, ਐਸਪੀ (ਸਿਟੀ) ਹਰਬੀਰ ਸਿੰਘ ਅਟਵਾਲ ਅਤੇ ਡੀਐੱਸਪੀ (ਸਿਟੀ-1) ਮੋਹਿਤ ਅਗਰਵਾਲ ਨੇ ਵੀ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸੁਖਚੈਨ ਸਿੰਘ ਵਾਸੀ ਸਮਰਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਸਮਰਾਲਾ ਦੇ ਇੱਕ ਪੈਟਰੋਲ ਪੰਪ ’ਤੇ ਕੰਮ ਕਰਦਾ ਹੈ।