ਮਨੋਜ ਸ਼ਰਮਾ
ਬਠਿੰਡਾ, 19 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰੋਨਾ ਵੈਕਸੀਨ ਖਰੀਦਣ ਲਈ ਗਲੋਬਲ ਟੈਂਡਰ ਲਾਉਣ ਅਤੇ ਕਰੋਨਾ ਮਰੀਜ਼ਾਂ ਦਾ ਨਿੱਜੀ ਹਸਪਤਾਲ ਵਿੱਚ ਮੁਫ਼ਤ ਇਲਾਜ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ‘ਆਕਸੀਜਨ ਸੇਵਾ ਮੁਹਿੰਮ’ ਸ਼ੁਰੂ ਕਰਦਿਆਂ ਕੁੱਝ ਆਕਸੀਜਨ ਕਨਸੰਟਰੇਟਰ ਹਲਕੇ ਨੂੰ ਭੇਟ ਕੀਤੇ ਅਤੇ ਕਰੋਨਾ ਪ੍ਰਭਾਵਿਤ ਪਰਿਵਾਰਾਂ ਲਈ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਸਿੰਗਲਾ ਵੱਲੋਂ ਚਲਾਏ ਜਾ ਰਹੇ ਲੰਗਰ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਸੁਖਬੀਰ ਨੇ ਦੱਸਿਆ ਕਿ ਬਠਿੰਡਾ ਨੂੰ 100 ਕੰਸਨਟਰੇਟਰ ਦਿੱਤੇ ਗਏ ਹਨ ਅਤੇ 100 ਹੋਰ ਆਉਂਦੇ ਦਿਨਾਂ ਵਿੱਚ ਵੰਡੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਮੌਜੂਦ ਸਨ।
ਅਕਾਲੀ ਦਲ ਦੇ ਪ੍ਰਧਾਨ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਸ਼ਿੱਦਤ ਨਾਲ ਕੰਮ ਕਰੇ। ਪੰਜਾਬ ਵਿੱਚ ਵੈਕਸੀਨਾਂ ਦੀ ਘਾਟ ਦੀ ਗੱਲ ਕਰਦਿਆਂ ਸੁਖਬੀਰ ਨੇ ਕਿਹਾ ਕਿ ਪੰਜਾਬ ਨੂੰ ਉੱਤਰ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਦੀ ਤਰਜ ’ਤੇ ਵੈਕਸੀਨਾਂ ਦੀ ਖਰੀਦ ਲਈ ਗਲੋਬਲ ਟੈਂਡਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਵੈਕਸ ਪ੍ਰੋਗਰਾਮ ਤਹਿਤ ਵੈਕਸੀਨਾਂ ਦੀ ਖਰੀਦ ਲਈ ਅਪਲਾਈ ਕਰਨ ’ਤੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਪ੍ਰੋਗਰਾਮ ਤਹਿਤ ਸਿਰਫ਼ ਮੁਲਕਾਂ ਨੂੰ ਵੈਕਸੀਨ ਸਪਲਾਈ ਹੁੰਦੀ ਹੈ, ਸੂਬਿਆਂ ਵਾਸਤੇ ਨਹੀਂ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਕਸੀਜਨ ਦੀ ਸਪਲਾਈ ਵਿੱਚ ਅੜਿੱਕੇ ਜਾਰੀ ਹਨ ਅਤੇ ਦਵਾਈਆਂ ਤੇ ਵੈਂਟੀਲੇਟਰ ਵੀ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਹਾਲਾਤ ਹੋਰ ਬਦਤਰ ਹੋ ਸਕਦੇ ਹਨ ਕਿਉਂਕਿ ਪੇਂਡੂ ਇਲਾਕਿਆਂ ਵਿੱਚ ਮਹਾਮਾਰੀ ਵਧ ਰਹੀ ਹੈ, ਜਿਵੇਂ ਕਿ ਇਕੱਲੇ ਭੂੰਦੜ ਪਿੰਡ ਵਿਚ ਹੀ 50 ਫੀਸਦੀ ਲੋਕ ਪਾਜ਼ੇਟਿਵ ਪਾਏ ਗਏ ਹਨ।
ਸੁਖਬੀਰ ਨੇ ਮੁੱਖ ਮੰਤਰੀ ਨੂੰ ਕਰੋਨਾ ਮਰੀਜ਼ਾਂ ਨਾਲ ਠੱਗੀ ਮਾਰ ਰਹੇ ਪ੍ਰਾਈਵੇਟ ਹਸਪਤਾਲਾਂ ’ਤੇ ਨਕੇਲ ਕੱਸਣ ਦੀ ਮੁੜ ਅਪੀਲ ਕੀਤੀ। ਪੰਜਾਬ ਕਾਂਗਰਸ ਵਿੱਚ ਚੱਲ ਰਹੀ ਖਾਨਾਜੰਗੀ ਤੇ ਅਕਾਲੀ ਦਲ ਖ਼ਿਲਾਫ਼ ਲਗਾਏ ਦੋਸ਼ਾਂ ਬਾਰੇ ਪੁੱਛਣ ’ਤੇ ਸੁਖਬੀਰ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਲੋਕ ਆਕਸੀਜਨ ਲਈ ਜੂਝ ਰਹੇ ਹਨ ਅਤੇ ਕਾਂਗਰਸੀਆਂ ਨੂੰ ਹਾਲ ਦੀ ਘੜੀ ਕੁਰਸੀ ਲਈ ਆਪਣੀ ਲੜਾਈ ਟਾਲ ਦੇਣੀ ਚਾਹੀਦੀ ਹੈ।