ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਮਈ
ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਭਲਕੇ 22 ਮਈ ਨੂੰ ਖੋਲ੍ਹੇ ਜਾਣਗੇ ਅਤੇ ਯਾਤਰਾ ਦੇ ਅਗਲੇ ਪੜਾਅ ਲਈ ਅੱਜ ਗੁਰਦੁਆਰਾ ਗੋਬਿੰਦਘਾਟ ਸਾਹਿਬ ਵਿੱਚ ਅਖੰਡ ਪਾਠ ਦਾ ਭੋਗ ਪਾਇਆ। ਜਾਣਕਾਰੀ ਮੁਤਾਬਕ ਸਿੱਖ ਸ਼ਰਧਾਲੂਆਂ ਦੇ ਪਹਿਲੇ ਜਥੇ ਨੇ ਯਾਤਰਾ ਦੇ ਦੂਜੇ ਪੜਾਅ ਵਿੱਚ ਅਰਦਾਸ ਮਗਰੋਂ ਗੁਰਦੁਆਰਾ ਗੋਬਿੰਦਘਾਟ ਤੋਂ ਪੈਦਲ ਯਾਤਰਾ ਆਰੰਭ ਕਰ ਦਿੱਤੀ ਹੈ। ਇਹ ਯਾਤਰਾ 19 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਰਿਸ਼ੀਕੇਸ਼ ਸਥਿਤ ਗੁਰਦੁਆਰੇ ਤੋਂ ਆਰੰਭ ਹੋਈ ਸੀ। ਅੱਜ ਗੁਰਦੁਆਰਾ ਗੋਬਿੰਦਘਾਟ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਅਰਦਾਸ ਮਗਰੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਰਧਾਲੂਆਂ ਦਾ ਜਥਾ ਰਵਾਨਾ ਹੋਇਆ। ਇਸ ਮੌਕੇ ਟਰੱਸਟ ਦੇ ਪ੍ਰਧਾਨ ਜਨਕ ਸਿੰਘ, ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਅਤੇ ਬਦਰੀਨਾਥ ਤੇ ਕੇਦਾਰਨਾਥ ਮੰਦਰ ਕਮੇਟੀ ਦੇ ਮੀਤ ਪ੍ਰਧਾਨ ਕਿਸ਼ੋਰ ਪਵਾਰ ਨੇ ਪੰਜ ਪਿਆਰਿਆਂ ਨੂੰ ਸਨਮਾਨਿਤ ਕੀਤਾ। ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ 15 ਹਜ਼ਾਰ ਫੁੱਟ ਦੀ ਉੱਚਾਈ ’ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 22 ਮਈ ਨੂੰ ਸਵੇਰੇ ਸਾਢੇ ਦਸ ਵਜੇ ਸੰਗਤ ਲਈ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਗੋਬਿੰਦਘਾਟ ਵਿਖੇ ਯਾਤਰਾ ਦੀ ਆਰੰਭਤਾ ਲਈ ਅਖੰਡ ਪਾਠ ਦਾ ਭੋਗ ਪਾਇਆ ਗਿਆ। ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਤੇ ਯਾਤਰਾ ਦੀ ਸਫ਼ਲਤਾ ਲਈ ਅਰਦਾਸ ਕੀਤੀ ਗਈ। ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਯਾਤਰਾ ਅਗਲੇ ਪੜਾਅ ਲਈ ਰਵਾਨਾ ਹੋ ਗਈ। ਉਨ੍ਹਾਂ ਦੱਸਿਆ ਕਿ ਸ਼ਰਧਾਲੂ 13 ਕਿਲੋਮੀਟਰ ਪੈਦਲ ਯਾਤਰਾ ਮਗਰੋਂ ਗੁਰਦੁਆਰਾ ਗੋਬਿੰਦਧਾਮ (ਘਾਘਰੀਆ) ਪੁੱਜਣਗੇ, ਜਿੱਥੇ ਰਾਤ ਦੇ ਠਹਿਰਾਅ ਮਗਰੋਂ ਸਵੇਰੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਣਗੇ।