ਟ੍ਰਿਬਿਊਨ ਨਿਊਜ ਸਰਵਿਸ
ਲੁਧਿਆਣਾ, 11 ਜਨਵਰੀ
ਸਥਾਨਕ ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਪ੍ਰੀਤ ਗੋਗੀ ਨੇ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ। ਚੰਡੀਗੜ੍ਹ ਵਿੱਚ ਉਨ੍ਹਾਂ ਦਾ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਪਾਰਟੀ ਵਿੱਚ ਸਵਾਗਤ ਕੀਤਾ।
ਸ੍ਰੀ ਗੋਗੀ ਨੇ ਪਾਰਟੀ ਬਦਲਦੇ ਸਾਰ ਕੈਬਨਿਟ ਮੰਤਰੀ ਭਾਰਤ ਭੂਸਣ ਆਸ਼ੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਮੰਤਰੀ ਦੀ ਤੁਲਣਾ ‘ਰਾਵਣ’ ਨਾਲ ਕੀਤੀ ਅਤੇ ਦੋਸ਼ ਲਾਇਆ ਮੰਤਰੀ ਨੇ ਸਾਰਿਆਂ ਨੂੰ ‘ਖੁੱਡੇ ਲਾਈਨ’ ਲਾ ਕੇ ਸਮੂਹ ਅਹੁਦੇ ਆਪਣੇ ਨਜ਼ਦੀਕੀਆਂ ਨੂੰ ਵੰਡੇ। ‘ਆਪ’ ਵੱਲੋਂ ਮੰਤਰੀ ਆਸ਼ੂ ਦੇ ਹਲਕੇ ਤੋਂ ਹੀ ਗੋਗੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਮੰਤਰੀ ਆਸ਼ੂ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਹਨ।
ਸ੍ਰੀ ਗੋਗੀ ਨੇ ਦੋਸ਼ ਲਗਾਏ ਕਿ ਮੰਤਰੀ ਨੇ ਕਈ ਵੱਡੇ ਘੁਟਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਮੰਤਰੀ ਕਰਕੇ ਹੀ ਲੁਧਿਆਣਾ ਦੀ ਸਾਰੀ ਕਾਂਗਰਸ ਖਿੱਲਰ ਗਈ ਹੈ। ਉਨ੍ਹਾਂ ਕਿਹਾ ਕਿ ਮੰਤਰੀ ਕਾਰਨ ਹੀ ਉਹ ਕਾਂਗਰਸ ਛੱਡ ਰਹੇ ਹਨ।
ਜ਼ਿਕਰਯੋਗ ਹੈ ਕਿ ਗੋਗੀ ਪੁਰਾਣੇ ਕਾਂਗਰਸੀ ਹਨ ਤੇ ਮੰਤਰੀ ਆਸ਼ੂ ਦੇ ਹਲਕੇ ਤੋਂ ਕੌਂਸਲਰ ਵੀ ਹਨ। ਇਸ ਦੇ ਨਾਲ ਹੀ ਗੋਗੀ ਦਾ ਹਲਕਾ ਪੱਛਮੀ ਵਿੱਚ ਚੰਗਾ ਰਸੂਖ ਵੀ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਟਿਕਟ ਦੀ ਮੰਗ ਕਰ ਰਹੇ ਸਨ ਪਰ ਮੰਤਰੀ ਆਸ਼ੂ ਕਰਕੇ ਕਾਂਗਰਸ ਵੱਲੋਂ ਟਿਕਟ ਨਹੀਂ ਦਿੱਤੀ ਜਾ ਰਹੀ ਸੀ।