ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 10 ਮਾਰਚ
ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਜਲਾਲਾਬਾਦ (ਪੱਛਮੀ) ਵਿੱਚ ਕਿਸੇ ਨੇ ਨਹੀਂ ਸੀ ਸੋਚਿਆ ਕਿ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਾਧਾਰਣ ਨੌਜਵਾਨ ਹਰਾ ਦੇਵੇਗਾ। ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਗੋਲਡੀ ਕੰਬੋਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 30,930 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਆਪਣੇ ਨਾਂ ਕਰਵਾਈ ਹੈ। ਜਾਣਕਾਰੀ ਅਨੁਸਾਰ ਵਿਧਾਨ ਸਭਾ ਚੋਣਾਂ ਵਿੱਚ ਗੋਲਡੀ ਕੰਬੋਜ ਨੂੰ ਕੁੱਲ 91,455 ਵੋਟਾਂ ਪਈਆਂ, ਜਦ ਕਿ ਸੁਖਬੀਰ ਸਿੰਘ ਬਾਦਲ 60,525 ਵੋਟਾਂ ਹੀ ਹਾਸਲ ਕਰ ਸਕੇ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਮੋਹਨ ਸਿੰਘ ਫਲੀਆਂ ਵਾਲਾ ਨੂੰ 8771 ਵੋਟਾਂ, ਪੂਰਨ ਚੰਦ ਮੂਜੈਦੀਆ ਨੇ 5418 ਵੋਟਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਮੀਤ ਸਿੰਘ ਨੇ 1248 ਅਤੇ ਸੁਰਿੰਦਰ ਢੰਡੀਆਂ ਨੇ 1860 ਵੋਟਾਂ ਹਾਸਲ ਕੀਤੀਆਂ।
‘ਆਪ’ ਸਮਰਥਕਾਂ ਨੇ ਜਿੱਤ ਦੀ ਖੁਸ਼ੀ ਵਿੱਚ ਥਾਂ-ਥਾਂ ’ਤੇ ਲੱਡੂ ਵੰਡੇ ਅਤੇ ਢੋਲ ਦੀ ਤਾਲ ’ਤੇ ਭੰਗੜੇ ਪਾ ਕੇ ਖੁਸ਼ੀ ਪ੍ਰਗਟ ਕੀਤੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਗੋਲਡੀ ਕੰਬੋਜ ਨੇ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਦਾ ਧੰਨਵਾਦ ਕੀਤਾ ਤੇ ਨਾਲ ਹੀ ਭਰੋਸਾ ਦਿੱਤਾ ਕਿ ਜਿਹੜੀਆਂ ਉਮੀਦਾਂ ਨਾਲ ਲੋਕਾਂ ਨੇ ‘ਆਪ’ ਦੇ ਹੱਕ ’ਚ ਫਤਵਾ ਦਿੱਤਾ ਹੈ, ਉਹ ਉਨ੍ਹਾਂ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਇਥੇ ਦੱਸਣਯੋਗ ਹੈ ਕਿ ਗੋਲਡੀ ਕੰਬੋਜ ਦਾ ਸਿਆਸਤ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਹਾਲਾਂਕਿ ਉਨ੍ਹਾਂ ਦੇ ਪਿਤਾ ਨੇ 20-25 ਸਾਲ ਪਹਿਲਾਂ ਇੱਕ ਵਾਰ ਸਾਈਕਲ ’ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਐੱਲਐੱਲਬੀ ਦੇ ਵਿਦਿਆਰਥੀ ਰਹੇ ਗੋਲਡੀ ਕੰਬੋਜ ਹਮੇਸ਼ਾ ਇਨਸਾਫ਼ ਦੀ ਲੜਾਈ ਲਈ ਲੋਕਾਂ ਦੇ ਹੱਕ ਵਿੱਚ ਖੜ੍ਹੇ, ਜਿਸ ਦਾ ਕਰਜ਼ ਲੋਕਾਂ ਨੇ ਉਨ੍ਹਾਂ ਦੇ ਹੱਕ ਵਿੱਚ ਫਤਵਾ ਦੇ ਕੇ ਚੁਕਾਇਆ।