ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਨਵੰਬਰ
ਲੁਧਿਆਣਾ ਜ਼ਿਲ੍ਹੇ ਦੇ ਕਸਬਾ ਗੁਰੂਸਰ ਸੁਧਾਰ ਦੇ ਨੌਜਵਾਨ ਗੋਰਕੀ ਗਿੱਲ (37) ਨੇ ਆਸਟਰੇਲੀਆ ਵਿੱਚ ਫੈਸ਼ਨ ਸਨਅਤ ਵਿੱਚ ਮਾਅਰਕਾ ਮਾਰਿਆ। ਆਸਟਰੇਲੀਅਨ ਮਾਡਰਨ ਬਾਰਬਰ ਐਵਾਰਡ-2024 ਲਈ ਬ੍ਰਿਸਬੇਨ ਵਿੱਚ ਹੋਏ ਮੁਕਾਬਲੇ ਦੌਰਾਨ ਗੋਰਕੀ ਗਿੱਲ ਦੀ ਡਾਕਟਰ ਸਲੀਕ ਲੈਬ ਵੱਲੋਂ ਤਿਆਰ ਦਾੜ੍ਹੀ ਲਈ ਸੀਰਮ ਇਸ ਸਾਲ ਦੇ ਸਰਵੋਤਮ ਉਤਪਾਦ ਵਜੋਂ ਚੁਣਿਆ ਗਿਆ ਹੈ। ਹਰ ਸਾਲ ਵਾਂਗ ਅਕਤੂਬਰ ਵਿੱਚ ਹੋਏ ਮੁਕਾਬਲੇ ਦੌਰਾਨ ਡਾਕਟਰ ਸਲੀਕ ਲੈਬ ਦਾ ਉਤਪਾਦ ‘ਦਾੜ੍ਹੀ ਲਈ ਸੀਰਮ’ ਤੋਂ ਇਲਾਵਾ ਬੀਅਰਡਡ ਚਾਪ ਦਾ ਤੰਬਾਕੂ ਅਤੇ ਵਨੀਲਾ ਦਾੜ੍ਹੀ ਤੇਲ ਅਤੇ ਵੀਟਾਮੈਨ ਦਾ ਸ਼ੇਵ ਅਤੇ ਬੀਅਰਡ ਤੇਲ ਇਸ ਸਾਲ ਦੇ ਪਹਿਲੇ ਤਿੰਨ ਉਤਪਾਦ ਵਜੋਂ ਚੁਣੇ ਗਏ ਸਨ। ਐਤਵਾਰ ਦੀ ਰਾਤ ਬ੍ਰਿਸਬੇਨ ਵਿੱਚ ਫਾਈਨਲ ਮੁਕਾਬਲੇ ਦੌਰਾਨ ਗੋਰਕੀ ਗਿੱਲ ਦੀ ਸਲੀਕ ਲੈਬ ਦਾ ਉਤਪਾਦ 2024 ਦੇ ਸਰਵੋਤਮ ਉਤਪਾਦ ਵਜੋਂ ਚੁਣਿਆ ਗਿਆ। ਗੋਰਕੀ ਗਿੱਲ ਤੇ ਗਿੱਲ ਪਰਿਵਾਰ ਲਈ ਇਹ ਦੋਹਰੀ ਖ਼ੁਸ਼ੀ ਦਾ ਮੌਕਾ ਸੀ ਕਿਉਂਕਿ ਇਹ ਮਾਣ ਗੋਰਕੀ ਗਿੱਲ ਨੂੰ ਉਸ ਦੇ ਜਨਮ ਦਿਨ ਵਾਲੇ ਦਿਨ ਮਿਲਿਆ। ਦਰਜਨ ਤੋਂ ਵਧੇਰੇ ਵੱਖ-ਵੱਖ ਕੈਟਾਗਰੀ ਦੇ ਐਵਾਰਡਾਂ ਲਈ ਜੱਜਾਂ ਦੇ ਪੈਨਲ ਵੱਲੋਂ ਚੋਣ ਕੀਤੀ ਗਈ ਉਹ ਸੀਪੀਐੱਮ ਦੇ ਸਾਬਕਾ ਆਗੂ ਅਤੇ ਗੁਰੂਸਰ ਸੁਧਾਰ ਤੋਂ ਪੱਤਰਕਾਰ ਸੰਤੋਖ ਗਿੱਲ ਦਾ ਪੁੱਤਰ ਹੈ।