ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਅਪਰੈਲ
ਸੰਯੁਕਤ ਸਮਾਜ ਮੋਰਚੇ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਸਮੇਤ ਸੂਬੇ ਦੇ ਲੋਕਾਂ ਨਾਲ ਕੀਤੇ ਵਾਆਦਿਆ ਤੋਂ ਪਿੱਛੇ ਹਟ ਰਹੀ ਹੈ। ਸਰਕਾਰ ਵੱਲੋਂ ਪੰਜਾਬ ਦੀ ਖੇਤੀ ਤੇ ਕਿਸਾਨੀ ਦੇ ਮੁੱਦੇ ਅੱਖੋਂ ਪ੍ਰੋਖੇ ਕੀਤੇ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਮੋਰਚੇ ਦੇ ਆਗੂ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੜੇ ਚਾਵਾਂ ਤੇ ਉਮੀਦਾਂ ਨਾਲ ‘ਇਕ ਮੌਕਾ ਕੇਜਰੀਵਾਲ ਨੂੰ’ ਦਿੱਤਾ ਪਰ ਉਨ੍ਹਾਂ ਹੱਥ ਅਜੇ ਤੱਕ ਨਿਰਾਸ਼ਾ ਹੀ ਲੱਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਰਮੀ ਕਾਰਨ ਕਣਕ ਦੇ ਝਾੜ ਨੂੰ ਪਈ ਮਾਰ ਦਾ ਮੁਆਵਜ਼ਾ ਐਲਾਨਣ ਤੋਂ ਕਤਰਾ ਰਹੀ ਹੈ। ਕਰਜ਼ਿਆਂ ਤੋਂ ਰਾਹਤ ਦੇਣ ਦੀ ਜਗ੍ਹਾ ਕਿਸਾਨਾਂ ਨੂੰ ਕਰਜ਼ੇ ਵਾਪਸ ਕਰਨ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਨੂੰ ਦਿੱਲੀ ਮਾਡਲ ਦੀ ਜਗ੍ਹਾ ਕੇਰਲਾ ਸਰਕਾਰ ਤੋਂ ਸਿੱਖਣ ਦੀ ਲੋੜ ਹੈ। ਕੋਰ ਕਮੇਟੀ ਦੇ ਮੈਂਬਰ ਸਤਬੀਰ ਸਿੰਘ ਵਾਲੀਆ ਨੇ ਕਿਹਾ ਕਿ ਪਹਿਲਾਂ ਚੰਡੀਗੜ੍ਹ ਨੂੰ ਅੱਧਾ-ਅੱਧਾ ਕਰ ਕੇ ਪੰਜਾਬ ਤੇ ਹਰਿਆਣਾ ਵਿਚਾਲੇ ਵੰਡਣ ਤੇ ਹੁਣ ਸਤਲੁਜ-ਜੁਮਨਾ ਲਿੰਕ ਨਹਿਰ ਦੇ ਪਾਣੀ ਨੂੰ ਹਰਿਆਣੇ ਪਹੁੰਚਾਉਣ ਦਾ ਬਿਆਨ ਪੰਜਾਬ ਵਿੱਚ ਰਾਜਨੀਤਕ ਅਸਥਿਰਤਾ ਫੈਲਾ ਰਿਹਾ ਹੈ। ਇਸ ਮੌਕੇ 23 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਬਲਵਿੰਦਰ ਸਿੰਘ ਰਾਜੂ, ਬਲਜਿੰਦਰ ਸਿੰਘ ਹਸਨਪੁਰ, ਗੁਰਨਾਮ ਸਿੰਘ, ਹਰਜਿੰਦਰ ਸਿੰਘ ਟਾਂਡਾ, ਗੁਰਨਾਮ ਕੌਰ, ਮਨਦੀਪ ਸਿੰਘ ਸਮਰਾ, ਜਸਵਿੰਦਰ ਸਿੰਘ ਸੰਘਾ, ਅਰਸ਼ਦੀਪ ਸਿੰਘ ਤੇ ਹੋਰਾਂ ਨੂੰ ਸ਼ਾਮਲ ਕੀਤਾ ਗਿਆ।