ਨਵੀਂ ਦਿੱਲੀ, 3 ਨਵੰਬਰ
ਸਰਕਾਰ ਨੇ ਖਾਲਿਸਤਾਨ ਪੱਖੀ ਸੰਗਠਨਾਂ ਨਾਲ ਜੁੜੀਆਂ 12 ਵੈਬਸਾਈਟਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਕੁੱਝ ਪਾਬੰਦੀਸ਼ੁਦਾ ਵੈੱਬਸਾਈਟਾਂ ਵਿੱਚੋਂ ਕੁੱਝ ਨੂੰ ਗੈਰਕਾਨੂੰਨੀ ਸੰਗਠਨ ‘ਸਿੱਖਸ ਫਾਰ ਜਸਟਿਸ’ (ਐੱਸਐੱਫਜੇ) ਵੱਲੋਂ ਸਿੱਧੇ ਤੌਰ ’ਤੇ ਚਲਾਇਆ ਜਾਂਦਾ ਸੀ। ਵੈੱਬਸਾਈਟਾਂ ਵਿਚ ਖਾਲਿਸਤਾਨ ਪੱਖੀ ਸਮੱਗਰੀ ਸੀ। ਸੂਤਰ ਮੁਤਾਬਕ,“ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ਆਈਟੀ ਐਕਟ ਦੀ ਧਾਰਾ 69 ਏ ਤਹਿਤ 12 ਵੈੱਬਸਾਈਟਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਮੰਤਰਾਲੇ ਨੂੰ ਭਾਰਤ ਵਿੱਚ ਸਾਈਬਰਸਪੇਸ ‘ਤੇ ਨਜ਼ਰ ਰੱਖਣ ਦਾ ਅਧਿਕਾਰ ਹੈ। ਜਿਨ੍ਹਾਂ ਵੈੱਬਸਾਈਟਾਂ ’ਤੇ ਪਾਬੰਦੀ ਲਗਾਈ ਗਈ ਹੈ ਊਨ੍ਹਾਂ ਵਿੱਚ ‘ਐੱਸਐੱਫਜ਼ੈਡ 4 ਫਾਰਮਰਜ਼’, ‘ਪੀਬੀਟੀਮ’, ‘ਸੇਵਾ 413’, ‘ਪੀਬੀ 4 ਯੂ’, ‘ਸਾਡਾ ਪਿੰਡ’ ਸ਼ਾਮਲਾ ਹਨ। ਇਨ੍ਹਾਂ ’ਚੋਂ ਕੁੱਝ ਪਾਬੰਦੀਸ਼ੁਦਾ ਸਾਈਟਾਂ ਨੂੰ ਸਰਚ ਕਰਨ ’ਤੇ ਇਹ ਸੰਦੇਸ਼ ਆ ਰਿਹਾ ਹੈ, “ਯੂਆਰਐੱਲ ਦੀ ਬੇਨਤੀ ਕੀਤੀ”‘ ਤੇ ਉਸ ’ਤੇ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਤੋਂ ਪ੍ਰਾਪਤ ਹਦਾਇਤਾਂ ਤਹਿਤ ਪਾਬੰਦੀ ਲਗਾਈ ਗਈ ਹੈ। ਵਧੇਰੇ ਜਾਣਕਾਰੀ ਲਈ ਪ੍ਰਬੰਧਕ ਨਾਲ ਸੰਪਰਕ ਕਰੋ।” ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ ਦੇਸ਼ ਵਿਰੋਧੀ ਗਤੀਵਿਧੀਆਂ ਲਈ ਐੱਸਐੱਫਜੇ ’ਤੇ ਪਾਬੰਦੀ ਲਗਾ ਦਿੱਤੀ ਸੀ। ਜੁਲਾਈ ਵਿੱਚ ਸਰਕਾਰ ਨੇ ਵੱਖਵਾਦੀ ਗਤੀਵਿਧੀਆਂ ਦੇ ਸਮਰਥਨ ਲਈ ‘ਐੱਸਐੱਫਜੇ’ ਨਾਲ ਜੁੜੀਆਂ 40 ਵੈੱਬਸਾਈਟਾਂ ’ਤੇ ਪਾਬੰਦੀ ਲਗਾ ਦਿੱਤੀ ਸੀ।