ਗਗਨਦੀਪ ਅਰੋੜਾ
ਲੁਧਿਆਣਾ, 2 ਜੁਲਾਈ
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਗਾਇਆ ਕਿ ਕਾਂਗਰਸ ਦੀ ਸੂਬਾ ਸਰਕਾਰ ਰੁੱਸਿਆਂ ਨੂੰ ਮਨਾਉਣ ਲਈ ਲੰਚ ਡਿਪਲੋਮੈਸੀ ਕਰਨ ਲੱਗੀ ਹੋਈ ਹੈ। ਦੂਜੇ ਪਾਸੇ ਸੂਬਾ ਵਾਸੀ ਪੈਸੇ ਦੇ ਕੇ ਵੀ ਬਿਜਲੀ ਨੂੰ ਤਰਸ ਰਹੇ ਹਨ।
ਇੱਥੇ ਕੋਟ ਮੰਗਲ ਸਿੰਘ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਬੈਂਸ ਨੇ ਕਿਹਾ ਕਿ ਬੇਸ਼ੱਕ ਵੱਖ-ਵੱਖ ਪਾਰਟੀਆਂ ਬਿਜਲੀ ਮੁਫਤ ਦੇਣ ਦੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਪਰ ਅੱਜ ਤਰਾਸਦੀ ਇਹ ਹੈ ਕਿ ਸੂਬੇ ਦੇ ਪਿੰਡਾਂ ਤੇ ਸ਼ਹਿਰਾਂ ਵਿਚ 12-12 ਘੰਟਿਆਂ ਦੇ ਅਣਐਲਾਨੇ ਕੱਟ ਦੇ ਨਾਲ ਨਾਲ ਉਦਯੋਗਾਂ ’ਤੇ ਵੀ 48 ਘੰਟੇ ਦੇ ਕੱਟ ਲਾਏ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਉਦਯੋਗਾਂ ਨੂੰ ਬਿਜਲੀ ਨਾ ਦੇ ਕੇ ਖਤਮ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਕਾਰਨ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਸਮਾਂ ਰਹਿੰਦਿਆਂ ਪੰਜਾਬ ਦੇ ਲੋਕਾਂ ਲਈ ਬਿਜਲੀ ਪੈਦਾ ਕਰਨ ਦੇ ਵਸੀਲੇ ਪੈਦਾ ਕਰਦੇ ਪਰ ਕੈਪਟਨ ਨੇ ਪੂਰੇ ਸਾਢੇ ਚਾਰ ਸਾਲ ਕੋਈ ਕੰਮ ਨਹੀਂ ਕੀਤਾ।
ਭੁੱਖ ਹੜਤਾਲ ਦਾ ਐਲਾਨ
ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਜਬਰ ਜਨਾਹ ਦੇ ਦੋਸ਼ ਲਗਾਉਣ ਵਾਲੀ ਅਧਿਆਪਕਾ ਨੇ ਅੱਜ ਪੱਤਰਕਾਰ ਮਿਲਣੀ ਕਰ ਕੇ ਐਲਾਨ ਕੀਤਾ ਹੈ ਕਿ ਜੇ 10 ਜੁਲਾਈ ਤੱਕ ਪ੍ਰਸ਼ਾਸਨ ਨੇ ਉਸ ਨੂੰ ਇਨਸਾਫ਼ ਨਾ ਦਿੱਤਾ ਤਾਂ ਉਹ ਭੁੱਖ ਹੜਤਾਲ ਸ਼ੁਰੂ ਕਰੇਗੀ। ਉਸ ਨੇ ਕਿਹਾ ਕਿ ਉਹ ਭੁੱਖ ਹੜਤਾਲ ਦੌਰਾਨ ਸਾਰੇ ਸਬੂਤ ਜੱਗ ਜ਼ਾਹਿਰ ਕਰੇਗੀ।