ਚੰਡੀਗੜ੍ਹ, 29 ਸਤੰਬਰ
ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਨੂੰ ‘ਤਮਾਸ਼ਾ’ ਬਣਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮੰਤਰੀ ਮੰਡਲ ’ਚੋਂ ‘ਦਾਗੀ’ ਮੰਤਰੀਆਂ ਨੂੰ ਤੁਰੰਤ ਹਟਾਉਣ। ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਦੇ ਹਵਾਈ ਅੱਡੇ ਵਿਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਕੇਜਰੀਵਾਲ ਨੇ ਸ੍ਰੀ ਚੰਨੀ ਨੂੰ ਬਰਗਾੜੀ ਦੇ ਬੇਅਦਬੀ ਕਾਂਡ ਦੇ ਸਬੰਧ ਵਿਚ ਕਾਰਵਾਈ ਕਰਨ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਵੱਲੋਂ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਕਦਮ ਉਠਾਉਣ ਵਾਸਤੇ ਵੀ ਕਿਹਾ ਹੈ। ਪੰਜਾਬ ਦੇ ਦੋ ਦਿਨਾ ਦੌਰੇ ’ਤੇ ਪਹੁੰਚੇ ਕੇਜਰੀਵਾਲ ਨੇ ਕਿਹਾ, ‘‘ਸੂਬੇ ਵਿਚ ਇਸ ਤਰ੍ਹਾਂ ਦਾ ਸਿਆਸੀ ਮਾਹੌਲ, ਮੰਦਭਾਗਾ ਹੈ। ਲੋਕ ਇਹ ਨਹੀਂ ਸਮਝ ਸਕ ਰਹੇ ਹਨ ਕਿ ਉਹ ਆਪਣੀਆਂ ਸਮੱਸਿਆਵਾਂ ਲਈ ਕਿਸ ਨਾਲ ਸੰਪਰਕ ਕਰਨ। ਇਨ੍ਹਾਂ ਨੇ ਸਰਕਾਰ ਨੂੰ ‘ਤਮਾਸ਼ਾ’ ਬਣਾ ਦਿੱਤਾ ਹੈ।’’ ਇਸ ਤੋਂ ਬਾਅਦ ਉਨ੍ਹਾਂ ਲੁਧਿਆਣਾ ਵਿਚ ਸਨਅਤਕਾਰਾਂ ਨਾਲ ਮੀਟਿੰਗ ਕੀਤੀ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉੱਤੇ ਸਨਅਤਕਾਰਾਂ ਦੇ ਮਸਲਿਆਂ ਦੇ ਹੱਲ ਲਈ ਇਕ ਪੈਨਲ ਬਣਾਉਣ ਦਾ ਐਲਾਨ ਕੀਤਾ। -ਪੀਟੀਆਈ