ਪੱਤਰ ਪ੍ਰੇਰਕ
ਕੀਰਤਪੁਰ ਸਾਹਿਬ, 12 ਨਵੰਬਰ
ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਅਸਥਾਨ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਵਿੱਚ ਬਾਬਾ ਬੁੱਢਣ ਸ਼ਾਹ ਦੇ ਜੋਤੀ ਜੋਤ ਦਿਵਸ ਸਮਾਉਣ ਨੂੰ ਸਮਰਪਿਤ ਉਰਸ ਕਰਵਾਇਆ ਗਿਆ। ਇਸ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੰਤਰੀ ਬੈਂਸ ਨੇ ਕਿਹਾ ਕਿ ਇਸ ਸ਼ਹਿਰ ਦੇ ਧਾਰਮਿਕ ਅਸਥਾਨਾਂ ਤੇ ਲੱਖਾਂ ਦੀ ਤਾਦਾਦ ਵਿੱਚ ਸੰਗਤ ਨਤਮਸਤਕ ਹੁੰਦੀ ਹੈ ਤੇ ਧਾਰਮਿਕ ਨਗਰੀ ਕੀਰਤਪੁਰ ਸਾਹਿਬ ਦੇ ਵਿਕਾਸ ਲਈ ਸੂਬਾ ਸਰਕਾਰ ਵਚਨਬੱਧ ਹੈ।
ਦਰਗਾਹ ਦਾ ਪ੍ਰਬੰਧ ਚਲਾ ਰਹੀਆਂ ਦੋਵੇਂ ਧਿਰਾਂ ਨਾਲ ਸਬੰਧਤ ਦਿਲਬਾਗ ਮੁਹੰਮਦ, ਸੁਜੈਨ ਸ਼ਾਹ, ਪ੍ਰਵੇਜ਼ ਸ਼ਾਹ, ਐਡਵੋਕੇਟ ਅਹਿਮਦ ਦੀਨ, ਨਾਜਰ ਨਿੰਦੀ ਆਦਿ ਵੱਲੋਂ ਸਵੇਰੇ ਬਾਬਾ ਜੀ ਦੀ ਦਰਗਾਹ ’ਤੇ ਚਾਦਰ ਚੜ੍ਹਾਈ ਗਈ ਤੇ ਇਸ ਉਰਸ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਸੂਫੀ ਗਾਇਕ ਮਾਸਟਰ ਸਲੀਮ ਵੱਲੋਂ ਕਲਾਮ ਵੀ ਗਾਏ ਗਏ।
ਰਾਣਾ ਕੇਪੀ ਸਿੰਘ ਵੱਲੋਂ ਪੋਸਤ ਦੀ ਖੇਤੀ ਦੀ ਵਕਾਲਤ
ਬਾਬਾ ਬੁੱਢਣ ਸ਼ਾਹ ਦੀ ਦਰਗਾਹ ’ਤੇ ਨਤਮਸਤਕ ਹੋਣ ਪੁੱਜੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਸੂਬੇ ਅੰਦਰ ਪੋਸਤ ਦੀ ਖੇਤੀ ਦੀ ਵਕਾਲਤ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇ ਮਾਰੂ ਨਸ਼ਿਆਂ ਦੀ ਥਾਂ ਸੂਬੇ ਵਿੱਚ ਪੋਸਤ ਦੀ ਖੇਤੀ ਕੀਤੀ ਜਾਵੇ ਤਾਂ ਨਸ਼ੇ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ।