ਨਵੀਂ ਦਿੱਲੀ, 20 ਅਕਤੂਬਰ
ਭਾਰਤ ਸਰਕਾਰ ਨੇ ਕੌਮਾਂਤਰੀ ਯਾਤਰੀਆਂ ਲਈ ਅੱਜ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੀਆਂ ਹਦਾਇਤਾਂ ਮੁਤਾਬਕ, ਜਿਹੜੇ ਯਾਤਰੀਆਂ ਨੂੰ ਟੀਕੇ ਦੀਆਂ ਸਾਰੀਆਂ ਖੁਰਾਕਾਂ ਲੱਗ ਚੁੱਕੀਆਂ ਹਨ ਅਤੇ ਇੱਕ ਅਜਿਹੇ ਦੇਸ਼ ਤੋਂ ਆਉਂਦੇ ਹਨ, ਜਿਸ ਨਾਲ ਭਾਰਤ ਨੇ ਵਿਸ਼ਵ ਸਿਹਤ ਸੰਸਥਾ (ਡਬਲਯੂਐੱਚਓ) ਵੱਲੋਂ ਮਨਜ਼ੂਰਸ਼ੁਦਾ ਕੋਵਿਡ-19 ਟੀਕਿਆਂ ਦੀ ਆਪਸੀ ਮਨਜ਼ੂਰੀ ਲਈ ਪ੍ਰਬੰਧ ਕੀਤਾ ਹੈ, ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਅਜਿਹੇ ਯਾਤਰੀਆਂ ਨੂੰ 25 ਅਕਤੂਬਰ ਤੋਂ ਇਕਾਂਤਵਾਸ ਅਤੇ ਜਾਂਚ ਦੀ ਲੋੜ ਨਹੀਂ ਪਵੇਗੀ। ਹਾਲਾਂਕਿ, ਉਨ੍ਹਾਂ ਨੂੰ ਕਰੋਨਾ ਟੈਸਟ ਆਰਟੀ-ਪੀਸੀਆਰ ਦੀ ਨੈਗੇਟਿਵ ਰਿਪੋਰਟ ਦੇਣੀ ਹੋਵੇਗੀ। ਜੇ ਟੀਕਾਕਰਨ ਨਹੀਂ ਕੀਤਾ ਗਿਆ ਤਾਂ ਯਾਤਰੀਆਂ ਨੂੰ ਅਜਿਹੇ ਪ੍ਰਬੰਧ ਕਰਨੇ ਹੋਣਗੇ, ਜਿਨ੍ਹਾਂ ਵਿੱਚ ਆਉਣ ਮਗਰੋਂ ਕੋਵਿਡ-19 ਜਾਂਚ ਲਈ ਟੈਸਟ ਦੇਣਾ ਸ਼ਾਮਲ ਹਨ। ਉਨ੍ਹਾਂ ਨੂੰ ਸੱਤ ਦਿਨ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ। ਭਾਰਤ ਵਿੱਚ ਪਹੁੰਚਣ ਦੇ ਅੱਠਵੇਂ ਦਿਨ ਫਿਰ ਜਾਂਚ ਹੋਵੇਗੀ। ਜੇ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਅਗਲੇ ਸੱਤ ਦਿਨ ਆਪਣੀ ਸਿਹਤ ਦਾ ਧਿਆਨ ਰੱਖਣਾ ਹੋਵੇਗਾ। ਦੇਸ਼ ਵਿੱਚ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 14,623 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਸ ਮਹਾਮਾਰੀ ਤੋਂ ਪੀੜਤ ਲੋਕਾਂ ਦੀ ਗਿਣਤੀ 3,41,08,996 ’ਤੇ ਪੁੱਜ ਗਈ ਹੈ। -ਪੀਟੀਆਈ
ਕਰੋਨਾ ਕਾਰਨ ਪੰਜਾਬ ’ਚ ਇਕ ਹੋਰ ਮੌਤ
ਚੰਡੀਗੜ੍ਹ (ਟਨਸ): ਕਰੋਨਾ ਕਾਰਨ ਪੰਜਾਬ ’ਚ ਇਕ ਹੋਰ ਜਣੇ ਦੀ ਮੌਤ ਹੋ ਗਈ ਹੈ। ਇਸ ਨਾਲ ਪੰਜਾਬ ’ਚ ਕਰੋਨਾ ਮ੍ਰਿਤਕਾਂ ਦਾ ਅੰਕੜਾ 16550 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਪੰਜਾਬ ’ਚ 22 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 15 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ’ਚ 232 ਐਕਟਿਵ ਕੇਸ ਹਨ। ਜਾਣਕਾਰੀ ਅਨੁਸਾਰ ਅੱਜ ਮੁਕਤਸਰ ’ਚ ਕਰੋਨਾ ਕਾਰਨ ਇਕ ਹੋਰ ਜਣੇ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਹਰਿਆਣਾ ’ਚ ਕਰੋਨਾ ਦੇ 15 ਨਵੇਂ ਕੇਸ ਸਾਹਮਣੇ ਆਏ ਹਨ ਅਤੇ 8 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ’ਚ 110 ਐਕਟਿਵ ਕੇਸ ਹਨ।