ਪਾਲ ਸਿੰਘ ਨੌਲੀ
ਜਲੰਧਰ, 21 ਮਾਰਚ
ਪੰਜਾਬ ਸਰਕਾਰ ਨੇ ਤਿੱਬਤ, ਭਾਰਤ ਅਤੇ ਪਾਕਿਸਤਾਨ ਵਿੱਚੋਂ ਲੰਘਣ ਵਾਲੇ ਸਤਲੁਜ ਦਰਿਆ ਨੂੰ ਪਲੀਤ ਕਰਨ ਦੀ ਤਿਆਰੀ ਕਰ ਲਈ ਹੈ। ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵਿੱਚ ਦਾਖ਼ਲ ਹੁੰਦੇ ਇਸ ਦੇ ਪਾਣੀ ਦੀ ਗੁਣਵੱਤਾ ਕੁਝ ਸਾਲ ਪਹਿਲਾਂ ਤਕ ਤਾਂ ‘ਏ’ ਗ੍ਰੇਡ ਸੀ ਪਰ ਹੁਣ ‘ਬੀ’ ਗ੍ਰੇਡ ਹੋ ਗਈ ਹੈ। ਸਤਲੁਜ ਵਿੱਚ ਲੁਧਿਆਣਾ ਦੇ ਬੁੱਢੇ ਨਾਲੇ ਅਤੇ ਦੋਆਬੇ ’ਚੋਂ ਲੰਘਦੀ ਚਿੱਟੀ ਵੇਈਂ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਪੈਣ ਕਾਰਨ ਪਹਿਲਾਂ ਹੀ ਇਸ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਤੇ ਹੁਣ ਸ਼ਾਹਕੋਟ ਕਸਬੇ ਦਾ ਗੰਦੇ ਪਾਣੀ ਸੋਧਣ ਮਗਰੋਂ ਦਰਿਆ ’ਚ ਸੁੱਟਣ ਲਈ ਇਸ ਦਾ ਧੁੱਸੀ ਬੰਨ੍ਹ ਪਾੜਿਆ ਜਾ ਰਿਹਾ ਹੈ।
ਸ਼ਾਹਕੋਟ ਦਾ ਪਾਣੀ ਸੋਧਣ ਲਈ ਤਿੰਨ ਐੱਮਐੱਲਡੀ ਦੀ ਸਮਰੱਥਾ ਵਾਲਾ ਨਵਾਂ ਟਰੀਟਮੈਂਟ ਪਲਾਂਟ ਬਣਾਇਆ ਗਿਆ ਹੈ। ਇਸ ਦੇ ਮੀਂਹ ਕਾਰਨ ਓਵਰਫਲੋਅ ਹੋਣ ਵਾਲੇ ਪਾਣੀ ਨੂੰ ਦਰਿਆ ਵਿੱਚ ਪਾਉਣ ਲਈ ਸਾਢੇ ਅੱਠ ਕਿਲੋਮੀਟਰ ਲੰਬੀ ਪਾਈਪ ਲਾਈਨ ਪਾ ਦਿੱਤੀ ਗਈ ਹੈ। ਇਹ ਲਾਈਨ ਦਰਿਆ ਦੇ ਧੁੱਸੀ ਬੰਨ੍ਹ ਹੇਠੋਂ ਲੰਘਾਉਣ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਐੱਨਜੀਟੀ ਵੱਲੋਂ ਬਣਾਈ ਨਿਗਰਾਨ ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਉਨ੍ਹਾਂ ਵੱਲੋਂ ਸਤਲੁਜ ਵਿੱਚ ਟਰੀਟਮੈਂਟ ਦਾ ਪਾਣੀ ਪਾਉਣ ਦਾ ਮਸਲਾ ਪੀਪੀਸੀਬੀ ਅਤੇ ਨਿਗਰਾਨ ਕਮੇਟੀ ਦੀਆਂ ਮੀਟਿੰਗਾਂ ਵਿੱਚ ਰੱਖਿਆ ਜਾਵੇਗਾ। ਟਰੀਟਮੈਂਟ ਪਲਾਂਟ ਤੋਂ ਸੋਧਿਆ ਹੋਇਆ ਪਾਣੀ ਖੇਤੀ ਲਈ ਵਰਤਿਆ ਜਾ ਸਕਦਾ ਹੈ। ਵਾਤਾਵਰਨ ਪ੍ਰੇਮੀ ਡਾ. ਨਿਰਮਲ ਸਿੰਘ ਲਾਂਬੜਾ ਨੇ ਕਿਹਾ ਕਿ ਕਾਨੂੰਨ ਅਨੁਸਾਰ ਸੋਧੇ ਹੋਏ ਪਾਣੀ ਨੂੰ ਵੀ ਸਤਲੁਜ ਵਿੱਚ ਨਹੀਂ ਸੁੱਟਿਆ ਜਾ ਸਕਦਾ।
ਸਾਰਾ ਕੁਝ ਨਿਯਮਾਂ ਅਨੁਸਾਰ ਕੀਤਾ ਜਾ ਰਿਹੈ: ਕਾਰਜਸਾਧਕ ਅਫ਼ਸਰ
ਸ਼ਾਹਕੋਟ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਦੇਸ ਰਾਜ ਨੇ ਦਾਅਵਾ ਕੀਤਾ ਕਿ ਸਾਰਾ ਕੁਝ ਨਿਯਮਾਂ ਅਨੁਸਾਰ ਕੀਤਾ ਜਾ ਰਿਹਾ ਹੈ। ਦਰਿਆ ਵਿੱਚ ਉਦੋਂ ਹੀ ਸੋਧਿਆ ਹੋਇਆ ਪਾਣੀ ਪਾਇਆ ਜਾਵੇਗਾ, ਜਦੋਂ ਮੀਂਹ ਪਿਆ ਹੋਵੇ ਤੇ ਪਾਣੀ ਖੇਤੀ ਲਈ ਵਰਤਣ ਦੀ ਲੋੜ ਨਾ ਹੋਵੇ।