ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਗਸਤ
ਨਵੇਂ ਖੇਤੀਬਾੜੀ ਆਰਡੀਨੈਂਸਾਂ ਦੇ ਰੋਸ ਵਜੋਂ ਆੜ੍ਹਤੀ ਐਸੋਸੀਏਸ਼ਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਅਹੁਦੇਦਾਰਾਂ ਵੱਲੋਂ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੇ ਹਰਸਿਮਰਤ ਬਾਦਲ ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਖੇਤੀਬਾੜੀ ਮੰਤਰੀ ਨੇ ਵਫਦ ਨਾਲ ਮੀਟਿੰਗ ਕਰਕੇ ਸੂਬਾ ਸਰਕਾਰਾਂ ਨੂੰ ਮੰਡੀ ਫੀਸ ’ਤੇ ਟੈਕਸਾਂ ਦੀ ਸਮੱਸਿਆ ਹੱਲ ਕਰਨ ਲਈ ਕਿਹਾ। ਉਨ੍ਹਾਂ ਆੜ੍ਹਤੀਆਂ ਨੂੰ ਯਕੀਨ ਦਿਵਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਸਮਰਥਨ ਮੁੱਲ ਜਾਰੀ ਰੱਖਦੇ ਹੋਏ ਸਰਕਾਰੀ ਖਰੀਦ ਪਹਿਲਾਂ ਵਾਂਗ ਆੜ੍ਹਤੀਆਂ ਰਾਹੀਂ ਕਰੇਗੀ ਤੇ ਆੜ੍ਹਤੀਆਂ ਨੂੰ ਉਸ ਦੀ ਆੜ੍ਹਤ ਮਿਲਦੀ ਰਹੇਗੀ। ਇਸ ਮੌਕੇ ਸ਼ਿਵ ਕੁਮਾਰ ਜੈਨ, ਧੀਰਜ ਕੁਮਾਰ ਦੱਦਾਹੂਰ ਤੇ ਪੁਨੀਤ ਕੁਮਾਰ ਜੈਨ ਨੇ ਖੇਤੀਬਾੜੀ ਮੰਤਰੀ ਨੂੰ ਸਮੱਸਿਆਵਾਂ ਦੱਸੀਆਂ।