ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਸਤੰਬਰ
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਇੱਥੇ ਦੱਸਿਆ ਕਿ ਪੰਜਾਬ ਸਰਕਾਰ ਬਲਾਕ ਅਜਨਾਲਾ ਦੇ ਪਿੰਡ ਦਰਿਆ ਮੂਸਾ ਅਤੇ ਪਿੰਡ ਕੋਟ ਰਜਾਦਾ ਵਿੱਚ ਰਾਵੀ ਦਰਿਆ ’ਤੇ ਦੋ ਪੈਂਟੂਨ ਪੁਲ ਸਤੰਬਰ 2023 ਤੱਕ ਬਣਾਉਣ ਲਈ ਤਿਆਰ ਹੈ। ਜਦੋਂ ਇਹ ਪੁਲ ਚਾਲੂ ਹੋ ਜਾਣਗੇ ਤਾਂ ਕਿਸਾਨਾਂ ਨੂੰ ਆਪਣੇ ਪਸ਼ੂਆਂ ਅਤੇ ਹੋਰ ਹਲਕੀ ਖੇਤੀ-ਮਸ਼ੀਨਰੀ ਨੂੰ ਦਰਿਆ ਦੇ ਪਾਰ ਜ਼ਮੀਨਾਂ ਵੱਲ ਲਿਜਾਣ ਲਈ ਕਿਸ਼ਤੀਆਂ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਦੱਸਿਆ ਕਿ ਇਹ ਪੁਲ 4.62 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾਣਗੇ। ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਅਜਨਾਲਾ ਬਲਾਕ ਦਾ ਇਲਾਕਾ ਕੌਮਾਂਤਰੀ ਸਰਹੱਦ ਦੇ ਬਿਲਕੁਲ ਨੇੜੇ ਹੈ ਅਤੇ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਅਤੇ ਖੇਤੀਬਾੜੀ ਦੇ ਕੰਮਾਂ ਲਈ ਰਾਵੀ ਦਰਿਆ ਪਾਰ ਕਰਨ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।