ਰਮੇਸ਼ ਭਾਰਦਾਜ
ਲਹਿਰਾਗਾਗਾ,31 ਜਨਵਰੀ
ਬਲਾਕ ਲਹਿਰਾਗਾਗਾ ਦੇ ਨਜ਼ਦੀਕ ਪੈਂਦੇ ਪਿੰਡ ਲਹਿਲ ਖੁਰਦ, ਭੁਟਾਲ ਅਤੇ ਡੂਡੀਆਂ ਦੇ ਵਾਸੀਆਂ ਨੇ ਇਕੱਠੇ ਹੋਕੇ ਪਿੰਡ ਦੇ ਸਰਕਾਰੀ ਸਕੂਲਾਂ ਨੂੰ ਖੁਲਵਾਇਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਦੇ ਪ੍ਰਧਾਨ ਜਗਦੀਪ ਸਿੰਘ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਰਣਜੀਤ ਕੌਰ ਨੇ ਦੱਸਿਆ ਕਰੋਨਾ ਦੀ ਆੜ ਵਿੱਚ ਬੱਚਿਆਂ ਦਾ ਭਵਿੱਖ ਖ਼ਰਾਬ ਕੀਤਾ ਜਾ ਰਿਹਾ। ਤਕਰੀਬਨ ਦੋ ਸਾਲ ਤੋਂ ਪੰਜਾਬ ਸਰਕਾਰ ਨੇ ਸਕੂਲ ਬੰਦ ਕੀਤੇ ਹੋਏ ਹਨ। ਜਦ ਕਿ ਦੂਸਰੇ ਪਾਸੇ ਵੋਟਾਂ ਦੇ ਪ੍ਰਚਾਰ ਲਈ ਵੱਡੀਆਂ-ਵੱਡੀਆਂ ਰੈਲੀਆਂ ਅਤੇ ਇਕੱਠ ਹੋ ਰਹੇ ਹਨ। ਇਹ ਸਿਰਫ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਹੋ ਰਿਹਾ ਹੈ। ਸਿੱਖਿਆ ਸੰਸਥਾਵਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਸ ਸਭ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਕਥਿਤ ਜ਼ਿੰਮੇਵਾਰ ਹੈ। ਉਨ੍ਹਾਂ ਸਕੂਲ ਖੁੱਲਵਾਉਣ ਤੋਂ ਬਾਅਦ ਕਿਹਾ ਕਿ ਜੇਕਰ ਸਕੂਲ ਦੁਆਰਾ ਬੰਦ ਹੁੰਦਾ ਹੈ ਤਾਂ ਇਥੋਂ ਦਾ ਪ੍ਰਸ਼ਾਸਨ ਅਤੇ ਸਰਕਾਰ ਜ਼ਿੰਮੇਵਾਰ ਹੋਣਗੇ ਅਤੇ ਜਥੇਬੰਦੀ ਪਿੰਡ ਵਾਸੀਆਂ ਅਤੇ ਬੱਚਿਆਂ ਅਤੇ ਪਰਿਵਾਰਾਂ ਸਮੇਤ ਪ੍ਰਸ਼ਾਸਨ ਖ਼ਿਲਾਫ਼ ਸੜਕਾਂ ਉੱਤੇ ਉੱਤਰੇਗੀ। ਇਸ ਮੌਕੇ ਪਿੰਡ ਦੀ ਮਜੂਦਾ ਪੰਚਾਇਤ ਸਰਪੰਚ ਰਾਜ ਸਿੰਘ, ਇਕਾਈ ਆਗੂ ਹਰਸੇਵਕ ਸਿੰਘ,ਸੋਮੀ ਸਿੰਘ,ਅਮਰ ਸਿੰਘ, ਬਲਵਿੰਦਰ ਸਿੰਘ, ਕਾਲਾ ਸਿੰਘ ਅਤੇ ਹੋਰ ਸੈਂਕੜਿਆਂ ਦੀ ਗਿਣਤੀ ਵਿਚ ਪਿੰਡ ਵਾਸੀ ਸ਼ਾਮਿਲ ਸਨ। ਦੂਜੇ ਪਾਸੇ ਇਸ ਮਸਲੇ ਬਾਰੇ ਐਸਡੀਐਮ ਨਵਰੀਤ ਕੌਰ ਸੇਖੋ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਕਰਕੇ ਸਰਕਾਰ ਨੇ ਸਕੂਲਾਂ ਨੂੰ ਬੰਦ ਰੱਖਣ ਦੀ ਹਦਾਇਤ ਕੀਤੀ ਸੀ ਅਤੇ ਸਕੂਲ ਖੋਲ੍ਹਣ ਵਾਲੇ ਪ੍ਰਿੰਸੀਪਲਾਂ/ ਮੁੱਖ ਅਧਿਆਪਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਸਕੂਲ ਖੋਲ੍ਹ ਦਿੱਤੇ ਹਨ ਅਤੇ ਜਦੋਂ ਪੰਜਾਬ ਸਰਕਾਰ ਇਜਾਜਤ ਦੇਵੇਗੀ ਤਾਂ ਸਕੂਲ ਖੋਲ੍ਹੇ ਜਾਣਗੇ।