ਪਾਲ ਸਿੰਘ ਨੌਲੀ
ਜਲੰਧਰ, 24 ਅਪਰੈਲ
ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਇੱਕ ਅਪਰੈਲ ਤੋਂ ਹੁਣ ਤੱਕ 14 ਕਿਸਾਨ ਖੁਦਕਸ਼ੀਆਂ ਕਰ ਚੁੱਕੇ ਹਨ, ਜਦਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਗਾਰੰਟੀ ਦਿੱਤੀ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਕਿਸੇ ਕਿਸਾਨ ਨੂੰ ਖ਼ੁਦਕੁਸ਼ੀ ਨਹੀਂ ਕਰਨੀ ਪਵੇਗੀ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਗਾਰੰਟੀ ਪੂਰੀ ਕੀਤੀ ਜਾਵੇ। ਮਹਿਲਾ ਕਿਸਾਨ ਜਥੇਬੰਦੀ ਦੀ ਪ੍ਰਧਾਨ ਨੇ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੋਣਾਂ ਦੌਰਾਨ ਐਲਾਨ ਕੀਤਾ ਸੀ ਕਿ ਪਹਿਲੀ ਅਪਰੈਲ ਤੋਂ ਬਾਅਦ ਪੰਜਾਬ ਵਿੱਚ ਉਹ ਕਿਸੇ ਕਿਸਾਨ ਨੂੰ ਖੁਦਕੁਸ਼ੀ ਨਹੀਂ ਕਰਨ ਦੇਣਗੇ। ਰਾਜਵਿੰਦਰ ਕੌਰ ਨੇ ਮੰਗ ਕੀਤੀ ਹੈ ਕਿ ਐੱਫਸੀਆਈ ਵੱਲੋਂ ਵੱਧ ਤਪਸ਼ ਕਾਰਨ ਕਣਕ ਦਾ ਝਾੜ ਘਟਣ ਸਬੰਧੀ ਕੀਤੇ ਗਏ ਸਰਵੇਖਣਾਂ ਦੇ ਆਧਾਰ ’ਤੇ ਸੂਬਾ ਸਰਕਾਰ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ੇ ਦਾ ਤੁਰੰਤ ਐਲਾਨ ਕਰੇ।
ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਤੇ ਸੂਬਾ ਸਰਕਾਰਾਂ ਆਪੋ-ਆਪਣੇ ਸਰਵੇਖਣਾਂ ਵਿੱਚ ਮੰਨ ਚੁੱਕੀਆਂ ਹਨ ਕਿ ਇਸ ਵਾਰ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੇ ਦਾਣੇ 10 ਤੋਂ 20 ਫੀਸਦ ਤੱਕ ਮਾਜੂ ਰਹਿਣ ਕਰਕੇ ਪ੍ਰਤੀ ਏਕੜ 6 ਤੋਂ 10 ਕੁਇੰਟਲ ਝਾੜ ਘਟਣ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਮੁਆਵਜ਼ੇ ਦਾ ਐਲਾਨ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਹ ਝਾੜ ਘਟਨ ਕਾਰਨ ਕਿਸਾਨਾਂ ਦੇ ਹੋਏ ਆਰਥਿਕ ਨੁਕਸਾਨ ਦੇ ਮੱਦੇਨਜ਼ਰ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਕਰਨ।