ਚਰਨਜੀਤ ਭੁੱਲਰ
ਚੰਡੀਗੜ੍ਹ, 12 ਸਤੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅੱਜ ਜੇਲ੍ਹ ਭਰੋ ਅੰਦੋਲਨ ਦੇ ਛੇਵੇਂ ਦਿਨ ਪੰਜਾਬ ਸਰਕਾਰ ਨੇ ਵੀ ਅੱਖਾਂ ਮੀਟ ਲਈਆਂ ਹਨ। ਪੰਜਾਬ ਸਰਕਾਰ ਨੇ ਕੋਵਿਡ-19 ਤਹਿਤ ਆਇਦ ਕੀਤੀਆਂ ਪਾਬੰਦੀਆਂ ਨੂੰ ਲੈ ਕੇ ਕਿਸਾਨੀ ਅੰਦੋਲਨ ਪ੍ਰਤੀ ਸਖ਼ਤ ਰੌਂਅ ਦਿਖਾਉਣ ਤੋਂ ਪਾਸਾ ਵੱਟ ਲਿਆ ਹੈ। ਰਾਜ ਸਰਕਾਰ ਤਰਫ਼ੋਂ ਕਿਸਾਨੀ ਜਥਿਆਂ ਨੂੰ ਵੀ ਗ੍ਰਿਫਤਾਰੀ ਲਈ ਹੱਥ ਨਹੀਂ ਪਾਇਆ ਜਾ ਰਿਹਾ ਹੈ।
ਕੇਂਦਰੀ ਖੇਤੀ ਆਰਡੀਨੈਂਸਾਂ ਨੇ ਸਮੁੱਚੇ ਅਰਥਚਾਰੇ ਨੂੰ ਝੰਬ ਦੇਣਾ ਹੈ ਪ੍ਰੰਤੂ ਜੇਲ੍ਹ ਭਰੋ ਅੰਦੋਲਨ ਵਿੱਚ ਸਿਰਫ਼ ਕਿਸਾਨ ’ਤੇ ਮਜ਼ਦੂਰ ਹੀ ਕੁੱਦੇ ਹਨ ਜਦੋਂਕਿ ਵਪਾਰੀ ਵਰਗ ਤੇ ਦੁਕਾਨਦਾਰ ਇਸ ਤੋਂ ਲਾਂਭੇ ਹਨ। ਕਿਸਾਨਾਂ ਨੇ ਅੱਜ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤੇ ਅਤੇ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੰਘਰਸ਼ ਕਮੇਟੀ ਨੇ ਨਾਲੋ ਨਾਲ 14 ਸਤੰਬਰ ਨੂੰ ਦਰਿਆਈ ਸੜਕੀ ਪੁਲ ਜਾਮ ਕਰਨ ਲਈ ਤਿਆਰੀ ਵਿੱਢ ਦਿੱਤੀ ਹੈ। ਕਿਸਾਨ 14 ਸਤੰਬਰ ਨੂੰ ਪੰਜਾਬ ਦੇ ਤਿੰਨ ਪੁਲਾਂ ’ਤੇ ਸੰਕੇਤਕ ਰੂਪ ਵਿਚ ਜਾਮ ਕਰਨਗੇ। ਜੇਲ੍ਹ ਭਰੋ ਅੰਦੋਲਨ ਤਹਿਤ ਅੱਜ ਕਿਸਾਨਾਂ ਦੇ ਫਾਜ਼ਿਲਕਾ, ਫਿਰੋਜ਼ਪੁਰ, ਤਰਨ ਤਾਰਨ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ ਮੋਗਾ ਵਿੱਚ ਭਰਵੇਂ ਇਕੱਠ ਹੋਏ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਪਾਰਲੀਮੈਂਟ ਦੇ ਇਜਲਾਸ ਵਿੱਚ 23 ਬਿੱਲਾਂ ਸਮੇਤ 11 ਆਰਡੀਨੈਂਸ ਲਿਆਂਦੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਅਪੀਲ ਕੀਤੀ ਕਿ ਪੰਜਾਬੀ ਕਿਸਾਨ ਅਵੇਸਲੇ ਹੋ ਗਏ ਤਾਂ ਨਵੇਂ ਬਿੱਲ ਖੇਤੀ ਤੇ ਭਾਰੂ ਪੈ ਜਾਣਗੇ। ਆਗੂਆਂ ਨੇ ਕਿਸਾਨ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ 14 ਸਤੰਬਰ ਨੂੰ ਪੰਜਾਬ ਵਿਚ ਹਰੀਕੇ ਹੈੱਡ, ਬਿਆਸ ਪੁਲ ਅਤੇ ਟਾਂਡਾ ਹਰਗੋਬਿੰਦਪੁਰ ਪੁਲ ’ਤੇ ਸੰਕੇਤਕ ਰੂਪ ਵਿਚ ਲਾਏ ਜਾ ਰਹੇ ਜਾਮ ’ਚ ਪੁੱਜਣ। ਕਿਸਾਨਾਂ ਦੇ ਵਫ਼ਦ ਨੇ ਅੱਜ ਗਰਾਮ ਪੰਚਾਇਤਾਂ ਵੱਲੋਂ ਕੇਂਦਰੀ ਆਰਡੀਨੈਂਸਾਂ ਖ਼ਿਲਾਫ਼ ਪਾਏ ਮਤਿਆਂ ਦੀਆਂ ਕਾਪੀਆਂ ਵੀ ਡਿਪਟੀ ਕਮਿਸ਼ਨਰਾਂ ਨੂੰ ਸੌਂਪੀਆਂ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਿਸ਼ਵ ਵਪਾਰ ਸੰਸਥਾ ਤੇ ਵਿਸ਼ਵ ਬੈਂਕ ਦੇ ਦਬਾਅ ਹੇਠ ਦੇਸ਼ ਦੇ ਸੰਘੀ ਢਾਂਚੇ ਦਾ ਕੇਂਦਰੀਕਰਨ ਕਰ ਰਹੀ ਹੈ। ਆਗੂਆਂ ਨੇ 14 ਸਤੰਬਰ ਨੂੰ 250 ਕਿਸਾਨ ਧਿਰਾਂ ਵੱਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਅੰਦੋਲਨ ਦੀ ਹਮਾਇਤ ਵੀ ਕੀਤੀ। 15 ਸਤੰਬਰ ਤੋਂ ਪਿੰਡ ਬਾਦਲ ਅਤੇ ਪਟਿਆਲਾ ਵਿੱਚ ਲੱਗਣ ਵਾਲੇ ਮੋਰਚੇ ਦੀ ਹਮਾਇਤ ਕੀਤੀ। ਆਗੂਆਂ ਨੇ ਅੱਜ ਮੁੜ ਕੇਂਦਰ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਕਿ ਅਗਰ ਖੇਤੀ ਆਰਡੀਨੈਂਸ ਰੱਦ ਨਾ ਕੀਤੇ ਤਾਂ ਦੇਸ਼ ਵਿਚ ਗਦਰ ਫੈਲ ਸਕਦਾ ਹੈ।
ਬਾਦਲ ਕਿਸਾਨ ਹਿੱਤਾਂ ਦੀ ਪੈਰਵੀ ਨਹੀਂ ਕਰ ਸਕਦੇ ਤਾਂ ਅਸਤੀਫ਼ਾ ਦੇਣ: ਬੀਰ ਦਵਿੰਦਰ ਸਿੰਘ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਦੀ ਸੰਸਦ ਦੇਸ਼ ਦੇ ਕਿਸਾਨਾਂ ਦੇ ਬੁਨਿਆਦੀ ਹਿੱਤਾਂ ਦੀ ਅਣਦੇਖੀ ਕਰ ਕੇ ਖੇਤੀ ਆਰਡੀਨੈਂਸ ਜਿਹੇ ਕਾਲੇ ਕਾਨੂੰਨ ਪਾਸ ਕਰਨ ਜਾ ਰਹੀ ਹੈ। ਉਨ੍ਹਾਂ ਨੇ 14 ਸਤੰਬਰ ਨੂੰ ਕਿਸਾਨੀ ਲਈ ਮਨਹੂਸ ਦਿਨ ਮੰਨਦਿਆਂ ਕਿਸਾਨਾਂ ਤੇ ਆੜ੍ਹਤੀਆਂ ਨੂੰ ਆਪਣੇ ਘਰਾਂ ਅਤੇ ਮੋਟਰਾਂ ’ਤੇ ਕਾਲੇ ਝੰਡੇ ਲਹਿਰਾਉਣ ਅਤੇ ਕਾਲੀਆਂ ਦਸਤਾਰਾਂ ਤੇ ਦੁਪੱਟੇ ਪਹਿਨਦਿਆਂ ਸਮੂਹਿਕ ਰੋਸ ਦਾ ਪ੍ਰਗਟਾਵਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅਪੀਲ ਕੀਤੀ ਕਿ ਜੇ ਉਹ ਕਿਸਾਨ ਹਿੱਤਾਂ ਦੀ ਪੈਰਵੀ ਨਹੀਂ ਕਰ ਸਕਦੇ ਤਾਂ ਫੌਰੀ ਤੌਰ ’ਤੇ ਅਸਤੀਫ਼ਾ ਦੇ ਦੇਣ। ਜੇ ਉਹ ਅਜਿਹਾ ਨਹੀਂ ਕਰਨਗੇ ਤਾਂ ਇਹ ਉਨ੍ਹਾਂ ਦਾ ਸੂਬੇ ਦੀ ਕਿਸਾਨੀ ਨਾਲ ਵੱਡਾ ਵਿਸ਼ਵਾਸਘਾਤ ਹੋਵੇਗਾ।
ਜਲੰਧਰ ’ਚ ਕਿਸਾਨ ਕਨਵੈਨਸ਼ਨ 29 ਨੂੰ
ਚੰਡੀਗੜ੍ਹ: ਕਿਰਤੀ ਕਿਸਾਨ ਯੂਨੀਅਨ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ 29 ਸਤੰਬਰ ਨੂੰ 11 ਵਜੇ ਕਿਸਾਨ ਕਨਵੈਨਸ਼ਨ ਕੀਤੀ ਜਾਵੇਗੀ, ਜਿਸ ਵਿਚ ਪ੍ਰੋ. ਗਿਆਨ ਸਿੰਘ ਮੁੱਖ ਬੁਲਾਰੇ ਹੋਣਗੇ। ਯੂਨੀਅਨ ਦੇ ਸਰਪ੍ਰਸਤ ਹਰਦੇਵ ਸਿੰਘ ਸੰਧੂ ਨੇ ਦੱਸਿਆ ਕਿ ਕਨਵੈਨਸ਼ਨ ਵਿਚ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਮੁੱਖ ਮੁੱਦੇ ਰਹਿਣਗੇ। ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਾਉਣ ਲਈ ਵਿੱਢਣ ’ਤੇ ਜ਼ੋਰ ਦਿੱਤਾ ਜਾਵੇਗਾ।