ਪਰਮਜੀਤ ਸਿੰਘ
ਫਾਜ਼ਿਲਕਾ, 14 ਨਵੰਬਰ
ਪੰਜਾਬ ਦੇ ਖੇਡ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਸੁਰਿੰਦਰ ਜਾਖੜ ਟਰੱਸਟ ਵੱਲੋਂ ਅਬੋਹਰ ਵਿੱਚ ਕਰਵਾਈ ਜਾ ਰਹੀ ਤੀਜੀ ਮੈਰਾਥਨ ਨੂੰ ਇੱਥੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸੰਦੀਪ ਜਾਖੜ ਵੀ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਨਾਲ ਸਨ। ਖੇਡ ਮੰਤਰੀ ਨੇ ਇਸ ਮੌਕੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਮਨਾਏ ਜਾਂਦੇ ਬਾਲ ਦਿਵਸ ਦੀ ਇਹ ਸਭ ਤੋਂ ਵਧੀਆ ਸ਼ੁਰੂਆਤ ਹੈ। ਮੈਰਾਥਨ ’ਚ ਪੰਜ ਹਜ਼ਾਰ ਤੋਂ ਵਧੇਰੇ ਦੌੜਾਕਾਂ ਨੇ ਭਾਗ ਲਿਆ। ਸਾਬਕਾ ਓਲੰਪੀਅਨ ਪਰਗਟ ਸਿੰਘ ਨੇ ਕਿਹਾ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਅਬੋਹਰ ਇਲਾਕੇ ਦੇ ਪਿੰਡ ਦੀਵਾਨ ਖੇੜਾ ਦੇ ਸਕੂਲ ਨੂੰ ਅਗਲੇ ਸੈਸ਼ਨ ਤੋਂ ਅਪਗ੍ਰੇਡ ਕਰਨ ਸਮੇਤ ਇਲਾਕੇ ’ਚ ਹੋਰਨਾਂ ਸਕੂਲਾਂ ਨੂੰ ਵੀ ਲੋੜਾਂ ਅਨੁਸਾਰ ਅਪਗ੍ਰੇਡ ਕਰਨ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ ਇੱਥੇ ਪੁੱਜਣ ’ਤੇ ਜ਼ਿਲ੍ਹੇ ਦੀ ਡੀਸੀ ਬਬੀਤਾ ਕਲੇਰ ਨੇ ਖੇਡ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਦਾ ਸਵਾਗਤ ਕੀਤਾ।
ਕੈਪਟਨ ਤੋਂ ਸਾਢੇ ਚਾਰ ਸਾਲਾਂ ਦਾ ਹਿਸਾਬ ਮੰਗਣਗੇ ਲੋਕ
ਰੂੜੇਕੇ ਕਲਾਂ (ਅੰਮ੍ਰਿਤਪਾਲ ਸਿੰਘ ਧਾਲੀਵਾਲ): ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਬਣਾਈ ਪਾਰਟੀ ਦਾ ਕਾਂਗਰਸ ’ਤੇ ਤਾਂ ਕੋਈ ਅਸਰ ਨਹੀਂ ਹੋਵੇਗਾ, ਪਰ ਪਿਛਲੇ ਸਾਢੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਦਾ ਹਿਸਾਬ ਪੰਜਾਬ ਦੇ ਲੋਕ ਜ਼ਰੂਰ ਕੈਪਟਨ ਤੋਂ ਮੰਗਣਗੇ। ਇਹ ਗੱਲ ਮੰਤਰੀ ਪਰਗਟ ਸਿੰਘ ਨੇ ਪਿੰਡ ਖੁੱਡੀ ਖੁਰਦ ਵਿੱਚ ਭਗਵਾਨ ਦਾਸ ਦੇ ਗ੍ਰਹਿ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਕਹੀ। ਉਨ੍ਹਾਂ ਕਿਹਾ ਕੇ ਕੈਪਟਨ ਸਮੇਂ ਦੇ ਨਾਲ ਨਹੀਂ ਚੱਲੇ ਤੇ ਹੁਣ ਸਮਾਂ ਵੀ ਉਨ੍ਹਾਂ ਨਾਲ ਨਹੀਂ ਚੱਲ ਰਿਹਾ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਏਗਾ।