ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਜੂਨ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਭਲਕੇ 20 ਜੂਨ ਨੂੰ ਸ਼ਹਿਰ ਵਿੱਚ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਹੋਣ ਵਾਲੇ ਰੋਡ ਸ਼ੋਅ ਤੋਂ ਪਹਿਲਾਂ ਸਰਕਾਰ ਸ਼ਹਿਰ ਵਿੱਚ ਚੱਲ ਰਹੇ ਕਰੀਬ ਅੱਧੀ ਦਰਜਨ ਤੋਂ ਵੱਧ ਬੇਰੁਜ਼ਗਾਰ ਜਥੇਬੰਦੀਆਂ ਦੇ ਪ੍ਰਦਰਸ਼ਨਕਾਰੀਆਂ ਨੂੰ ਮੰਗਾਂ ਦੇ ਹੱਲ ਦਾ ਭਰੋਸਾ ਦਿੰਦਿਆਂ ਸ਼ਾਂਤ ਕਰਨ ਵਿੱਚ ਸਫ਼ਲ ਹੋ ਗਈ ਹੈ। ਇਨ੍ਹਾਂ ਵਿੱਚੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਛੇ ਜਥੇਬੰਦੀਆਂ ਵਿੱਚੋਂ ਚਾਰ ਜਥੇਬੰਦੀਆਂ ਨੇ ਆਪਣੇ ਧਰਨੇ ਸਮਾਪਤ ਕਰ ਦਿੱਤੇ ਹਨ, ਜਦੋਂ ਕਿ ਦੋ ਜਥੇਬੰਦੀਆਂ ਨੇ ਰੋਸ ਧਰਨੇ ਜਾਰੀ ਰੱਖਦਿਆਂ ਮੁੱਖ ਮੰਤਰੀ ਵੱਲੋਂ ਮੰਗਾਂ ਸਬੰਧੀ ਦਿੱਤੇ ਸਮੇਂ ਤੱਕ ਸ਼ਾਂਤ ਰਹਿਣ ਦੀ ਹਾਮੀ ਭਰੀ ਹੈ। ਸਿਵਲ ਹਸਪਤਾਲ ਦੀ ਟੈਂਕੀ ਉਪਰ ਚੜ੍ਹੀਆਂ ਦੋ ਬੇਰੁਜ਼ਗਾਰ ਪੀਟੀਆਈ ਅਧਿਆਪਕਾਵਾਂ ਨੂੰ ਮੰਗਾਂ ਦੇ ਹੱਲ ਦਾ ਭਰੋਸਾ ਦੇ ਕੇ ਛੇਵੇਂ ਦਿਨ ਟੈਂਕੀ ਤੋਂ ਹੇਠਾਂ ਉਤਾਰ ਲਿਆ ਗਿਆ ਹੈ। ਇਨ੍ਹਾਂ ਅਧਿਆਪਕਾਵਾਂ ਨੂੰ ਬਾਕਾਇਦਾ ਪੂਰੇ ਮਾਨ ਸਨਮਾਨ ਨਾਲ ਵਿਧਾਇਕ ਨੀਨਾ ਮਿੱਤਲ ਖੁਦ ਟੈਂਕੀ ਉਪਰ ਚੜ੍ਹ ਕੇ ਹੇਠਾਂ ਲੈ ਕੇ ਆਏ। ਇਸ ਤੋਂ ਪਹਿਲਾਂ ਨੀਨਾ ਮਿੱਤਲ ਨੇ ਟੈਂਕੀ ਉਪਰ ਹੀ ਵੀਡੀਓ ਕਾਲ ਜ਼ਰੀਏ ਸਿੱਖਿਆ ਮੰਤਰੀ ਮੀਤ ਹੇਅਰ ਦੀ ਬੇਰੁਜ਼ਗਾਰ ਅਧਿਆਪਕਾਵਾਂ ਸਿੱਪੀ ਸ਼ਰਮਾ ਅਤੇ ਰਵਨੀਤ ਕੌਰ ਨਾਲ ਗੱਲ ਕਰਵਾਈ। ਦੋਵਾਂ ਨੂੰ ਹੇਠਾਂ ਉਤਾਰਨ ਮੌਕੇ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਉਹ ਦੋਵੇਂ ਲੜਕੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਹੇਠਾਂ ਲੈ ਕੇ ਆਈ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਮੀਤ ਹੇਅਰ ਨੇ ਇਨ੍ਹਾਂ ਦੀ ਗੱਲਬਾਤ ਕਰਵਾ ਦਿੱਤੀ ਹੈ ਜਿਨ੍ਹਾਂ ਨੇ ਜੁਲਾਈ ਮਹੀਨੇ ’ਚ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਯੂਨੀਅਨ ਵਫਦ ਨਾਲ ਮੀਟਿੰਗ ਕਰ ਕੇ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੀ ਕੋਠੀ ਅੱਗੇ ਪੱਕੇ ਰੋਸ ਧਰਨਿਆਂ ’ਤੇ ਬੈਠੀਆਂ ਬੇਰੁਜ਼ਗਾਰ ਜਥੇਬੰਦੀਆਂ ਦੇ ਵਫ਼ਦਾਂ ਨਾਲ ਵੱਖੋ-ਵੱਖਰੇ ਤੌਰ ’ਤੇ ਆਪਣੀ ਕੋਠੀ ’ਚ ਬੁਲਾ ਕੇ ਉਨ੍ਹਾਂ ਦੀਆਂ ਮੰਗਾਂ ਬਾਰੇ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਬਾਅਦ ਜੁਲਾਈ ਮਹੀਨੇ ’ਚ ਮੰਗਾਂ ਦਾ ਹੱਲ ਕੀਤਾ ਜਾਵੇਗਾ। ਮੁੱਖ ਮੰਤਰੀ ਦੇ ਭਰੋਸੇ ’ਤੇ ਕਰੀਬ ਸਾਰੀਆਂ ਪ੍ਰਦਰਸ਼ਨਕਾਰੀ ਜਥੇਬੰਦੀਆਂ ਸੰਤੁਸ਼ਟ ਨਜ਼ਰ ਆਈਆਂ। ਜਿਨ੍ਹਾਂ ’ਚ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਮੇਲ, ਕਲਰਕ ਟੈਸਟ ਪਾਸ ਯੂਨੀਅਨ, ਪੀਆਰਟੀਸੀ ਦੇ ਠੇਕਾ ਮੁਲਾਜ਼ਮ, ਪੰਜਾਬ ਪੁਲੀਸ ਭਰਤੀ-2016 ਦੇ ਉਮੀਦਵਾਰ, ਕਰੋਨਾ ਯੋਧੇ ਨਰਸਿੰਗ ਮੁਲਾਜ਼ਮ ਆਦਿ ਸ਼ਾਮਲ ਹਨ। ਸਿਰਫ਼ ਪੁਲੀਸ ਭਰਤੀ ਉਮੀਦਵਾਰ ਅਤੇ ਕਰੋਨਾ ਯੋਧੇ ਨਰਸਾਂ ਨੇ ਹੀ ਸ਼ਾਂਤਮਈ ਢੰਗ ਨਾਲ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ, ਜਦੋਂ ਕਿ ਬਾਕੀ ਸਾਰੀਆਂ ਜਥੇਬੰਦੀਆਂ ਨੇ ਰੋਸ ਧਰਨਿਆਂ ਦੀ ਸਮਾਪਤੀ ਕਰ ਦਿੱਤੀ ਹੈ।