ਗੁਰਿੰਦਰ ਸਿੰਘ
ਲੁਧਿਆਣਾ, 24 ਅਗਸਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਾਨੂੰਨੀ ਸਲਾਹਕਾਰ ਆਰਵੀ ਯਾਦਵ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਮੌਜੂਦਾ ਹਾਲਾਤ ਕਾਫ਼ੀ ਚਿੰਤਾਜਨਕ ਬਣੇ ਹੋਏ ਹਨ ਅਤੇ ਉੱਥੇ ਫਸੇ ਹਰ ਭਾਰਤੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਦੀ ਹੈ। ਸ੍ਰੀ ਯਾਦਵ ਅੱਜ ਇੱਥੇ ਮਰਹੂਮ ਜਥੇਦਾਰ ਉਜਾਗਰ ਸਿੰਘ ਛਾਪਾ ਦੀ ਬਰਸੀ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲਾ ਪ੍ਰਧਾਨ ਜਸਵੰਤ ਛਾਪਾ ਦੇ ਨਿਵਾਸ ’ਤੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ਦੇ ਘਟਨਾਕ੍ਰਮ ’ਤੇ ਨਜ਼ਰ ਬਣਾਈ ਹੋਈ ਹੈ ਅਤੇ ਇੱਕ ਵੀ ਭਾਰਤੀ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭਾਰਤੀਆਂ ਦੀ ਵਾਪਸੀ ਲਈ ਯੋਗ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਜਥੇਦਾਰ ਛਾਪਾ ਨੂੰ ਸ਼ਰਧਾਂਜਲੀ ਵੀ ਦਿੱਤੀ। ਇਸ ਮੌਕੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਅਤੇ ‘ਆਪ’ ਆਗੂ ਚੌਧਰੀ ਮਦਨ ਲਾਲ ਬੱਗਾ ਨੇ ਜਥੇਦਾਰ ਛਾਪਾ ਵੱਲੋਂ ਪੰਜਾਬ ਅਤੇ ਸਮਾਜ ਲਈ ਕੀਤੀਆਂ ਸੇਵਾਵਾਂ ਨੂੰ ਯਾਦ ਕੀਤਾ।
ਸ੍ਰੀ ਯਾਦਵ ਨੇ ਕਰੋਨਾ ਦੀ ਤੀਸਰੀ ਲਹਿਰ ਤੋਂ ਬਚਾਅ ਲਈ ਇਮਿਊਨਿਟੀ ਵਧਾਉਣ ਵਾਲੀ ਦਵਾਈ ਦੀ ਸ਼ੁਰੂਆਤ ਵੀ ਕੀਤੀ। ਜਥੇਦਾਰ ਉਜਾਗਰ ਸਿੰਘ ਛਾਪਾ ਦੀ ਪਤਨੀ ਨਸੀਬ ਕੌਰ, ਸਾਬਕਾ ਅਧਿਕਾਰੀ ਇਕਬਾਲ ਸਿੰਘ ਗਿੱਲ ਆਦਿ ਨੇ ਆਰਵੀ ਯਾਦਵ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਦਾ ਸਿਰੋਪਾਓ ਨਾਲ ਸਨਮਾਨ ਕੀਤਾ।