ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਮਾਰਚ
ਆਮ ਆਦਮੀ ਪਾਰਟੀ ਨੇ ਪੰਜਾਬ ਦੇ ਰਾਜਪਾਲ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਭਾਸ਼ਣ ਦੌਰਾਨ ਕਿਸਾਨ ਅੰਦੋਲਨ ਬਾਰੇ ਲਿਖੀਆਂ ਗੱਲਾਂ ਨੂੰ ਨਾ ਪੜ੍ਹਿਆ ਜਾਣਾ ਸ਼ਰਮਨਾਕ ਕਰਾਰ ਦਿੱਤਾ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਨੇ ਰਾਜਪਾਲ ਦੇ ਭਾਸ਼ਣ ਨੂੰ ਝੂਠ ਦਾ ਪੁਲੰਦਾ ਦੱਸਦੇ ਕਿਹਾ ਕਿ ਇਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਗੁਣਗਾਣ ਤੋਂ ਬਗੈਰ ਕੁਝ ਨਹੀਂ ਸੀ।
ਸ੍ਰੀ ਚੀਮਾ ਨੇ ਕਿਹਾ ਕਿ ਰਾਜਪਾਲ ਦੇ ਭਾਸ਼ਣ ਵਿੱਚ ਦੇਸ਼ ਭਰ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਲਿਖਿਆ ਤਾਂ ਜ਼ਰੂਰ ਗਿਆ ਹੈ, ਪਰ ਪੜ੍ਹਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਭਾਸ਼ਣ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਪ੍ਰਧਾਨ ਮੰਤਰੀ ਕੋਲ ਪੈਂਡਿੰਗ ਦੱਸਿਆ ਗਿਆ ਹੈ, ਜਦੋਂ ਕਿ ਅਸਲ ਵਿੱਚ ਇਹ ਅਜੇ ਤੱਕ ਪੰਜਾਬ ਦੇ ਗਵਰਨਰ ਕੋਲ ਹੀ ਪਏ ਹਨ, ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਕੀਤਾ ਗਿਆ ਹੈ। ਆਪ’ ਆਗੂਆਂ ਨੇ ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਮੁੱਖ ਸਲਾਹਕਾਰ ਬਣਾਏ ਜਾਣ ’ਤੇ ਕਿਹਾ ਕਿ ਕੈਪਟਨ ਸਾਹਿਬ ਪਹਿਲਾਂ ਉਨ੍ਹਾਂ 9 ਨੁਕਤਿਆਂ ਨੂੰ ’ਤੇ ਕੰਮ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ ਵਿੱਚ ਜਾਣ, ਜੋ ਉਨ੍ਹਾਂ 2017 ਵਿੱਚ ਕਰਵਾਏ ਸਨ।
ਲੋਕ ਇਨਸਾਫ਼ ਪਾਰਟੀ ਦੇ ਆਗੂ ਗਿਆਸਪੁਰਾ ‘ਆਪ’ ਵਿੱਚ ਸ਼ਾਮਲ
ਆਮ ਆਦਮੀ ਪਾਰਟੀ ਪੰਜਾਬ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹ ਸੂਬਾ ਇੰਚਾਰਜ ਜਰਨੈਲ ਸਿੰਘ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਸ਼ਾਮਲ ਹੋਏ।