ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਮਈ
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਕੋਵਿਡ-19 ਦੇ ਪ੍ਰਕੋਪ ਨਾਲ ਨਜਿੱਠਣ ਵਿਚ ਅਸਫਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਕੋਵਿਡ-19 ਨਾਲ ਲੜ ਰਿਹਾ ਹੈ ਪਰ ਸਭ ਤੋਂ ਵੱਧ ਮੌਤ ਦਰ ਪੰਜਾਬ ਵਿੱਚ ਹੈ। ਜਿੱਥੇ ਮੌਤ ਦਰ 2.38 ਫੀਸਦੀ ਹੈ, ਜੋ ਰਾਸ਼ਟਰੀ ਦਰ 1.1 ਫੀਸਦੀ ਨਾਲੋਂ ਦੁੱਗਣੀ ਹੈ।
ਸ੍ਰੀ ਚੀਮਾ ਨੇ ਕਿਹਾ ਕਿ ਰਾਜ ਦੇ 17 ਜ਼ਿਲ੍ਹਿਆਂ ਵਿੱਚ ਆਈਸੀਯੂ ਬੈੱਡ ਨਹੀਂ ਹਨ, ਕਈ ਸਰਕਾਰੀ ਹਸਪਤਾਲ ਬਿਨਾਂ ਪ੍ਰਬੰਧਾਂ ਅਤੇ ਸਿਹਤ ਸਹੂਲਤਾਂ ਤੋਂ ਚੱਲ ਰਹੇ ਹਨ। ਇਨ੍ਹਾਂ ਜ਼ਿਲ੍ਹਿਆ ’ਚ ਇਕ ਵੀ ਐੱਲ-3 ਬੈੱਡ ਨਾ ਹੋਣ ਕਾਰਨ ਕੈਪਟਨ ਸਰਕਾਰ ਨੇ ਗੰਭੀਰ ਮਰੀਜ਼ਾਂ ਦੀ ਜਾਨ ਨਿੱਜੀ ਹਸਪਤਾਲਾਂ ਦੇ ਹੱਥਾਂ ਵਿੱਚ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਪੰਜਾਬ ਦੇ ਲੋਕਾਂ ਲਈ ਬਹੁਤ ਘਾਤਕ ਸਿੱਧ ਹੋਈ ਹੈ ਅਤੇ ਹੁਣ ਬਲੈਕ ਫੰਗਸ ਦੀ ਸਮੱਸਿਆ ਨੇ ਮੌਤਾਂ ਦੀ ਗਿਣਤੀ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਪੰਜਾਬ ਦੇ ਲੋਕ ਸੰਕਟ ਵਿੱਚ ਹਨ ਪਰ ਮੁੱਖ ਮੰਤਰੀ ਆਪਣੇ ਫਾਰਮ ਹਾਊਸ ਦਾ ਅਨੰਦ ਲੈ ਰਹੇ ਹਨ। ‘ਆਪ’ ਆਗੂ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਹਾਲਾਤ ਹੋਰ ਗੰਭੀਰ ਹੁੰਦੇ ਜਾ ਰਹੇ ਹਨ। ਜਿੱਥੇ ਹੋਰ ਡਾਕਟਰ ਤਾਇਨਾਤ ਕਰਨ ਦੀ ਬਜਾਏ ਕੈਪਟਨ ਸਰਕਾਰ ਮੈਡੀਕਲ ਸਟਾਫ ਦੀ ਗਿਣਤੀ ਘਟਾ ਰਹੀ ਹੈ। ਸਰਕਾਰ ਨੇ 3,000 ਪਿੰਡਾਂ ਵਿੱਚ ਸਿਹਤ ਕੇਂਦਰਾਂ ਵਿੱਚੋਂ ਆਰਐੱਮਓ ਦਾ ਅਹੁਦਾ ਖਤਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਰੋਨਾ ਦੀ ਰੋਕਥਾਮ ਤੇ ਪੀੜਤਾਂ ਦਾ ਇਲਾਜ ਕਰਨਾ ਕੈਪਟਨ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਸਰਕਾਰ ਬੁਰੀ ਤਰ੍ਹਾਂ ਅਸਫਲ ਰਹੀ ਹੈ।