ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਮਈ
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਕਰੋਨਾ ਕਾਰਨ ਪੰਜਾਬ ’ਚ ਮੌਤ ਦਰ 2.5 ਫੀਸਦੀ ਦੇ ਨੇੜੇ ਹੈ ਅਤੇ ਇਹ ਅੰਕੜਾ ਬਹੁਤ ਡਰਾਉਣ ਵਾਲਾ ਹੈ। ਇੱਕ ਬਿਆਨ ਰਾਹੀਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਰੋਨਾ ਕਾਰਨ ਸੂਬੇ ਦੇ ਲੋਕ ਆਰਥਿਕ ਮੰਦੀ ਦੇ ਦੌਰ ’ਚੋਂ ਲੰਘ ਰਹੇ ਹਨ ਪਰ ਲੋਕ ਪੱਖੀ ਹੋਣ ਦਾ ਦਾਅਵਾ ਕਰਨ ਵਾਲੀ ਕੈਪਟਨ ਸਰਕਾਰ ਨੇ ਹਾਲੇ ਤੱਕ ਲੋਕਾਂ ਨੂੰ ਕੋਈ ਰਾਹਤ ਦੇਣ ਦਾ ਐਲਾਨ ਨਹੀਂ ਕੀਤਾ। ਬਿਜਲੀ, ਪਾਣੀ ਦੇ ਬਿੱਲ ਮੁਆਫ ਕਰਨ ਜਾਂ ਕੋਈ ਹੋਰ ਰਾਹਤ ਦੇਣ ਦੀ ਜਗ੍ਹਾ ਸਰਕਾਰ ਨਵੇਂ ਟੈਕਸ ਲਾ ਕੇ ਲੋਕਾਂ ਨੂੰ ਹੋਰ ਲੁੱਟ ਰਹੀ ਹੈ। ਖ਼ਰਾਬ ਵੈਂਟੀਲੇਟਰਾਂ ਦੇ ਮੁੱਦੇ ’ਤੇ ਭਾਜਪਾ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਰੋਨਾ ਦੀ ਪਹਿਲੀ ਲਹਿਰ ਦੌਰਾਨ ਇਕ ਸਾਲ ਪਹਿਲਾਂ ਕੁੱਝ ਵੈਂਟੀਲੇਟਰ ਪੰਜਾਬ ਸਰਕਾਰ ਨੂੰ ਭੇਜੇ ਸਨ ਪਰ ਉਨ੍ਹਾਂ ’ਚੋਂ 250 ਤੋਂ ਵੱਧ ਵੈਂਟੀਲੇਟਰ ਬੰਦ ਕਮਰਿਆਂ ’ਚ ਪਏ ਰਹੇ।