ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਅਗਸਤ
ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬਾ ਅਤੇ ਕੇਂਦਰ ਸਰਕਾਰ ਕੋਲੋਂ ਕਰੋਨਾਵਾਇਰਸ ਤੋਂ ਪਹਿਲਾਂ (ਮਾਰਚ 2020) ਭਾਰਤ ਆਏ ਨਿਊਜ਼ੀਲੈਂਡ ਵੀਜ਼ਾਧਾਰਕਾਂ ਦਾ ਮਾਮਲਾ ਸਬੰਧਤ ਸਰਕਾਰ ਕੋਲ ਉਠਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਸਰਕਾਰ ਨੇ 19 ਮਾਰਚ 2020 ਤੋਂ ਬਾਅਦ ਆਪਣੇ ਦੇਸ਼ ਦੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ, ਜਿਸ ਕਰ ਕੇ ਪੰਜ ਸੌ ਤੋਂ ਵੱਧ ਭਾਰਤੀਆਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ’ਚੋਂ ਕਰੀਬ ਤਿੰਨ ਸੌ ਨੌਜਵਾਨ ਪੰਜਾਬ ਨਾਲ ਸਬੰਧਤ ਹਨ, ਇਸ ਲਈ ਪੰਜਾਬ ਸਰਕਾਰ ਤਿੰਨ ਮੰਤਰੀਆਂ ’ਤੇ ਆਧਾਰਤ ਇੱਕ ਕਮੇਟੀ ਬਣਾਏ ਜੋ ਕੇਂਦਰ ਸਰਕਾਰ ਕੋਲ ਇਸ ਮਾਮਲੇ ਦੀ ਪੈਰਵੀ ਕਰੇ।