ਪੱਤਰ ਪ੍ਰੇਰਕ
ਗਿੱਦੜਬਾਹਾ, 20 ਦਸੰਬਰ
ਪੰਜਾਬ ਦੇ ਉੰਚੇਰੀ ਸਿੱਖਿਆ ਅਤੇ ਖੇਡ ਮੰਤਰੀ ਪ੍ਰਗਟ ਸਿੰਘ ਨੇ ਗਿੱਦੜਬਾਹਾ ਦੇ ਪਿੰਡ ਹੁਸਨਰ ਵਿਖੇ ਸਰਕਾਰੀ ਡਿਗਰੀ ਕਾਲਜ ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ, ਜਿਸ ਤਹਿਤ ਪੰਜਾਬ ਵਿੱਚ 17 ਨਵੇਂ ਡਿਗਰੀ ਕਾਲਜ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚੋਂ ਇਕ ਗਿੱਦੜਬਾਹਾ ਦਾ ਸਰਕਾਰੀ ਡਿਗਰੀ ਕਾਲਜ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਵਿਦਿਆਰਥੀਆਂ ਲਈ ਕਾਲਜਾਂ ਵਿੱਚ ਨਵੇਂ ਕੋਰਸ ਸ਼ੁਰੂ ਕਰ ਰਹੀ ਹੈ ਤਾਂ ਜੋ ਵਿਦਿਆਰਥੀਆਂ ਦੀਆਂ ਡਿਗਰੀਆਂ ਇੰਟਰਨੈਸ਼ਨਲ ਤੌਰ ਤੇ ਮਾਨਤਾ ਪ੍ਰਾਪਤ ਹੋਣ ਤਾਂ ਜੋ ਅੱਗੇ ਜਾ ਕੇ ਇਨ੍ਹਾਂ ਨੂੰ ਨੌਕਰੀਆਂ ਲੈਣ ਵਿੱਚ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਇੰਡਸਟਰੀ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੁੰਦੀ ਹੈ, ਉਹ ਵਿਦਿਆਰਥੀ ਉਨ੍ਹਾਂ ਨੂੰ ਨਹੀਂ ਮਿਲਦੇ ਅਤੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਨਵੇਂ ਕੋਰਸਾਂ ਨਾਲ ਇਹ ਖੱਪੇ ਨੂੰ ਭਰਿਆ ਜਾ ਸਕੇਗਾ। ਬੱਚਿਆਂ ਦੇ ਵਿਦੇਸ਼ਾਂ ਵੱਲ ਰੁੱਖ ਕਰਨ ਦੇ ਮਾਮਲੇ ਤੇ ਬੋਲਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਇਸ ਚਲਣ ਨੂੰ ਰੋਕਣ ਲਈ ਸਰਕਾਰ ਦ੍ਰਿੜ ਹੈ ਅਤੇ ਲਈ ਸਾਨੂੰ ਵੱਡੇ ਕਦਮ ਚੁੱਕਣੇ ਪੈਣਗੇ ਅਤੇ ਪੰਜਾਬ ਸਰਕਾਰ ਇਸ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਹਲਕਾ ਵਿਧਾਇਕ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦਾ ਗਿੱਦੜਬਾਹਾ ਆਉਣ ’ਤੇ ਧੰਨਵਾਦ ਕੀਤਾ।