ਮਨੋਜ ਸ਼ਰਮਾ
ਬਠਿੰਡਾ, 8 ਮਈ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਬਠਿੰਡਾ ਵਿਚ ਐਡਵਾਂਸ ਕੈਂਸਰ ਅਤੇ ਡਾਇਗਨੌਸਟਿਕ ਸੈਂਟਰ ਨੂੰ ਕਰੋਨਾ ਸੈਂਟਰ ਵਿਚ ਤਬਦੀਲ ਕਰਨ ਲਈ ਬੰਦ ਕਰਨਾ ਕੈਂਸਰ ਮਰੀਜ਼ਾਂ ਦੀਆਂ ਜਾਨਾਂ ਨਾਲ ਖੇਡਣ ਦੇ ਬਰਾਬਰ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਇਸ ਫੈਸਲੇ ’ਤੇ ਨਜ਼ਰਸਾਨੀ ਕਰਨ। ਉਨ੍ਹਾਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਐਡਵਾਂਸ ਕੈਂਸਰ ਸੈਂਟਰ ਮਾਲਵਾ ਪੱਟੀ ਦੇ ਉਨ੍ਹਾਂ ਕੈਂਸਰ ਮਰੀਜ਼ਾਂ ਲਈ ਆਸ ਦੀ ਆਖਰੀ ਕਿਰਨ ਹੈ ਜੋ ਬੀਕਾਨੇਰ ਵਿਚ ਇਲਾਜ ਕਰਵਾਉਣ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਹਸਪਤਾਲ ਨੂੰ ਵੀ ਕਰੋਨਾ ਸੈਂਟਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਿਸ ਕਾਰਨ ਐਡਵਾਂਸ ਕੈਂਸਰ ਇੰਸਟੀਚਿਊਟ ਹੀ ਕੈਂਸਰ ਮਰੀਜ਼ਾਂ ਲਈ ਆਖਰੀ ਰਾਹ ਰਹਿ ਗਿਆ ਹੈ। ਕੈਂਸਰ ਸੈਂਟਰ ਵਿਚ ਰੋਜ਼ਾਨਾ 150 ਤੋਂ 200 ਮਰੀਜ਼ ਰੇਡੀਓਥੈਰੇਪੀ ਕਰਵਾਉਂਦੇ ਹਨ ਅਤੇ ਰੇਡੀਓਥੈਰੇਪੀ ਕਰਵਾਉਣ ਵਸਤੇ ਵੀ ਢਾਈ ਮਹੀਨੇ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਚ ਰੋਜ਼ਾਨਾ 6 ਤੋਂ 8 ਮਰੀਜ਼ਾਂ ਦੇ ਅਪਰੇਸ਼ਨ ਵੀ ਹੁੰਦੇ ਹਨ।